ਸਲੋਕ ਮਃ ੪ ॥
ਸਭਿ ਰਸ ਤਿਨ ਕੈ ਰਿਦੈ ਹਹਿ ਜਿਨ ਹਰਿ ਵਸਿਆ ਮਨ ਮਾਹਿ ॥
ਹਰਿ ਦਰਗਹਿ ਤੇ ਮੁਖ ਉਜਲੇ ਤਿਨ ਕਉ ਸਭਿ ਦੇਖਣ ਜਾਹਿ ॥
ਜਿਨ ਨਿਰਭਉ ਨਾਮੁ ਧਿਆਇਆ ਤਿਨ ਕਉ ਭਉ ਕੋਈ ਨਾਹਿ ॥
ਹਰਿ ਉਤਮੁ ਤਿਨੀ ਸਰੇਵਿਆ ਜਿਨ ਕਉ ਧੁਰਿ ਲਿਖਿਆ ਆਹਿ ॥
ਤੇ ਹਰਿ ਦਰਗਹਿ ਪੈਨਾਈਅਹਿ ਜਿਨ ਹਰਿ ਵੁਠਾ ਮਨ ਮਾਹਿ ॥
ਓਇ ਆਪਿ ਤਰੇ ਸਭ ਕੁਟੰਬ ਸਿਉ ਤਿਨ ਪਿਛੈ ਸਭੁ ਜਗਤੁ ਛਡਾਹਿ ॥
ਜਨ ਨਾਨਕ ਕਉ ਹਰਿ ਮੇਲਿ ਜਨ ਤਿਨ ਵੇਖਿ ਵੇਖਿ ਹਮ ਜੀਵਾਹਿ ॥੧॥

Sahib Singh
ਸਰੇਵਿਆ = ਸਿਮਰਿਆ ।
ਧੁਰਿ = ਮੁਢ ਤੋਂ ।
ਆਹਿ = ਹੈ ।
ਪੈਨਾਈਅਹਿ = ਮੰਨੇ ਜਾਂਦੇ ਹਨ, ਉਹਨਾਂ ਨੂੰ ਸਿਰੋਪਾ ਦਿੱਤਾ ਜਾਂਦਾ ਹੈ ।
ਵੁਠਾ = ਵੁੱਠਾ, ਵੱਸਿਆ ।
ਤਿਨ ਪਿਛੈ = ਉਹਨਾਂ ਦੇ ਪੂਰਨਿਆਂ ਤੇ ।੧ ।
    
Sahib Singh
ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਵੱਸ ਪਿਆ ਹੈ (ਭਾਵ, ਜਿਨ੍ਹਾਂ ਨੇ ਪ੍ਰਭੂ ਨੂੰ ਮਨ ਵਿਚ ਅਨੁਭਵ ਕਰ ਲਿਆ ਹੈ), ਸਾਰੇ ਰਸ ਉਹਨਾਂ ਦੇ ਅੰਦਰ ਹਨ (ਭਾਵ, ਸੰਸਾਰਕ ਪਦਾਰਥਾਂ ਦੇ ਰਸਾਂ ਦਾ ਸੁਆਦ ਲੈਣ ਲਈ ਉਹ ਜੀਵ ਆਪਣੇ ਮਨ ਨੂੰ ਮਾਇਆ ਵਲ ਦੌੜਨ ਨਹੀਂ ਦੇਂਦੇ, ਹਿਰਦੇ ਵਿਚ ਨਾਮ-ਰਸ ਦਾ ਆਨੰਦ ਲੈਂਦੇ ਹਨ, ਜੋ ਸਭ ਰਸਾਂ ਤੋਂ ਉੱਤਮ ਰਸ ਹੈ) ।
ਹਰੀ ਦੀ ਦਰਗਾਹ ਵਿਚ ਉਹ ਖਿੜੇ-ਮੱਥੇ ਜਾਂਦੇ ਹਨ; ਤੇ ਸਾਰੇ ਲੋਕ ਉਹਨਾਂ ਦਾ ਦਰਸ਼ਨ ਲੋਚਦੇ ਹਨ ।
ਜਿਨ੍ਹਾਂ ਨੇ ਨਿਰਭਉ ਪ੍ਰਭੂ ਦਾ ਨਾਮ ਸਿਮਰਿਆ ਹੈ, ਉਹਨਾਂ ਨੂੰ (ਆਪ ਨੂੰ ਭੀ) ਕੋਈ ਡਰ ਨਹੀਂ ਰਹਿ ਜਾਂਦਾ; (ਪਰ ਇਹ) ਉੱਤਮ ਪ੍ਰਭੂ ਉਹਨਾਂ ਮਨੁੱਖਾਂ ਨੇ ਹੀ ਸਿਮਰਿਆ ਹੈ ਜਿਨ੍ਹਾਂ ਦੇ ਹਿਰਦੇ ਵਿਚ ਮੁੱਢ ਤੋਂ (ਚੰਗੇ ਕੀਤੇ ਹੋਏ ਕੰਮਾਂ ਦੇ ਸੰਸਕਾਰ) ਲਿਖੇ ਹੋਏ ਹਨ ।
ਜਿਨ੍ਹਾਂ ਦੇ ਮਨ ਵਿਚ ਪ੍ਰਭੂ ਵੱਸਦਾ ਹੈ (ਭਾਵ, ਪਰਗਟ ਹੁੰਦਾ ਹੈ) ਉਹਨਾਂ ਨੂੰ ਉਸ ਦੀ ਹਜ਼ੂਰੀ ਵਿਚ ਆਦਰ ਮਿਲਦਾ ਹੈ ।
ਉਹ ਆਪ ਸਾਰੇ ਪਰਵਾਰ ਸਮੇਤ (ਸੰਸਾਰ-ਸਾਗਰ ਤੋਂ) ਪਾਰ ਲੰਘ ਜਾਂਦੇ ਹਨ ।
ਤੇ, ਆਪਣੇ ਪੂਰਨਿਆਂ ਤੇ ਤੋਰ ਕੇ ਸਾਰੇ ਸੰਸਾਰ ਨੂੰ (ਵਿਕਾਰਾਂ ਤੋਂ) ਬਚਾ ਲੈਂਦੇ ਹਨ ।
ਹੇ ਹਰੀ! (ਇਹੋ ਜਿਹੇ ਆਪਣੇ) ਬੰਦੇ ਦਾਸ ਨਾਨਕ ਨੂੰ ਭੀ ਮਿਲਾ ।
ਅਸੀ ਉਹਨਾਂ ਨੂੰ ਵੇਖ ਵੇਖ ਕੇ ਜੀਵੀਏ ।੧ ।
Follow us on Twitter Facebook Tumblr Reddit Instagram Youtube