ਪਉੜੀ ॥
ਇਹੁ ਸਰੀਰੁ ਸਭੁ ਧਰਮੁ ਹੈ ਜਿਸੁ ਅੰਦਰਿ ਸਚੇ ਕੀ ਵਿਚਿ ਜੋਤਿ ॥
ਗੁਹਜ ਰਤਨ ਵਿਚਿ ਲੁਕਿ ਰਹੇ ਕੋਈ ਗੁਰਮੁਖਿ ਸੇਵਕੁ ਕਢੈ ਖੋਤਿ ॥
ਸਭੁ ਆਤਮ ਰਾਮੁ ਪਛਾਣਿਆ ਤਾਂ ਇਕੁ ਰਵਿਆ ਇਕੋ ਓਤਿ ਪੋਤਿ ॥
ਇਕੁ ਦੇਖਿਆ ਇਕੁ ਮੰਨਿਆ ਇਕੋ ਸੁਣਿਆ ਸ੍ਰਵਣ ਸਰੋਤਿ ॥
ਜਨ ਨਾਨਕ ਨਾਮੁ ਸਲਾਹਿ ਤੂ ਸਚੁ ਸਚੇ ਸੇਵਾ ਤੇਰੀ ਹੋਤਿ ॥੧੬॥

Sahib Singh
ਗੁਹਜ ਰਤਨ = ਗੁੱਝੇ ਲਾਲ ।
ਖੋਤਿ = ਖੋਤਰ ਕੇ ।
ਸਭੁ = ਹਰ ਥਾਂ ।
ਆਤਮ ਰਾਮੁ = ਪਰਮਾਤਮਾ ।
ਓਤਿ = ਉਣੇ ਹੋਏ ਵਿਚ ।
ਪੋਤਿ = ਪਰੋਤੇ ਹੋਏ ਵਿਚ (ਤਾਣੇ ਤੇ ਪੇਟੇ ਵਿਚ) ।੧੬ ।
    
Sahib Singh
ਇਹ ਸਾਰਾ (ਮਨੁੱਖਾ) ਸਰੀਰ ਧਰਮ (ਕਮਾਉਣ ਦੀ ਥਾਂ) ਹੈ, ਇਸ ਵਿਚ ਸੱਚੇ ਪ੍ਰਭੂ ਦੀ ਜੋਤਿ ਲੁਕੀ ਹੋਈ ਹੈ ।
ਇਸ (ਸਰੀਰ) ਵਿਚ (ਦੈਵੀ ਗੁਣ-ਰੂਪ) ਗੁੱਝੇ ਲਾਲ ਲੁਕੇ ਹੋਏ ਹਨ ।
ਸਤਿਗੁਰੂ ਦੇ ਸਨਮੁਖ ਹੋਇਆਂ ਕੋਈ ਵਿਰਲਾ ਸੇਵਕ ਇਹਨਾਂ ਨੂੰ ਪੁੱਟ ਕੇ (ਭਾਵ, ਡੂੰਘੀ ਵਿਚਾਰ ਨਾਲ) ਕੱਢਦਾ ਹੈ ।
(ਜਦੋਂ ਉਹ ਸੇਵਕ ਇਹ ਲਾਲ ਲੱਭ ਲੈਂਦਾ ਹੈ) ਤਦੋਂ ਇਕ ਪ੍ਰਭੂ ਨੂੰ ਸਾਰੀ ਸਿ੍ਰਸ਼ਟੀ ਵਿਚ (ਇਸ ਤ੍ਰਹਾਂ) ਰਵਿਆ ਹੋਇਆ ਪਛਾਣਦਾ ਹੈ, ਜਿਵੇਂ ਤਾਣੇ ਤੇ ਪੇਟੇ ਵਿਚ ਇੱਕੋ ਸੂਤਰ ਹੁੰਦਾ ਹੈ ।
(ਤਦੋਂ ਉਹ ਸੇਵਕ ਸਾਰੇ ਸੰਸਾਰ ਵਿਚ) ਇਕ ਹਰੀ ਨੂੰ ਹੀ ਵੇਖਦਾ ਹੈ, ਇਕ ਹਰੀ ਤੇ ਹੀ ਭਰੋਸਾ ਰੱਖਦਾ ਹੈ ਤੇ ਆਪਣੀ ਕੰਨੀਂ ਇਕ ਹਰੀ ਦੀਆਂ ਹੀ ਗੱਲਾਂ ਸੁਣਦਾ ਹੈ ।
ਹੇ ਦਾਸ ਨਾਨਕ! ਤੂੰ (ਭੀ ਇਸੇ ਤ੍ਰਹਾਂ) ਨਾਮ ਦੀ ਉਸਤਤਿ ਕਰ, ਸੱਚ-ਮੁਚ ਤੇਰੀ ਇਹ ਸੇਵਾ ਪ੍ਰਭੂ ਦੇ ਦਰ ਤੇ ਕਬੂਲ ਹੋਵੇਗੀ ।੧੬ ।
Follow us on Twitter Facebook Tumblr Reddit Instagram Youtube