ਸਲੋਕ ਮਃ ੪ ॥
ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੁ ਅਉਖਾ ਜਗ ਮਹਿ ਹੋਇਆ ॥
ਨਰਕ ਘੋਰੁ ਦੁਖ ਖੂਹੁ ਹੈ ਓਥੈ ਪਕੜਿ ਓਹੁ ਢੋਇਆ ॥
ਕੂਕ ਪੁਕਾਰ ਕੋ ਨ ਸੁਣੇ ਓਹੁ ਅਉਖਾ ਹੋਇ ਹੋਇ ਰੋਇਆ ॥
ਓਨਿ ਹਲਤੁ ਪਲਤੁ ਸਭੁ ਗਵਾਇਆ ਲਾਹਾ ਮੂਲੁ ਸਭੁ ਖੋਇਆ ॥
ਓਹੁ ਤੇਲੀ ਸੰਦਾ ਬਲਦੁ ਕਰਿ ਨਿਤ ਭਲਕੇ ਉਠਿ ਪ੍ਰਭਿ ਜੋਇਆ ॥
ਹਰਿ ਵੇਖੈ ਸੁਣੈ ਨਿਤ ਸਭੁ ਕਿਛੁ ਤਿਦੂ ਕਿਛੁ ਗੁਝਾ ਨ ਹੋਇਆ ॥
ਜੈਸਾ ਬੀਜੇ ਸੋ ਲੁਣੈ ਜੇਹਾ ਪੁਰਬਿ ਕਿਨੈ ਬੋਇਆ ॥
ਜਿਸੁ ਕ੍ਰਿਪਾ ਕਰੇ ਪ੍ਰਭੁ ਆਪਣੀ ਤਿਸੁ ਸਤਿਗੁਰ ਕੇ ਚਰਣ ਧੋਇਆ ॥
ਗੁਰ ਸਤਿਗੁਰ ਪਿਛੈ ਤਰਿ ਗਇਆ ਜਿਉ ਲੋਹਾ ਕਾਠ ਸੰਗੋਇਆ ॥
ਜਨ ਨਾਨਕ ਨਾਮੁ ਧਿਆਇ ਤੂ ਜਪਿ ਹਰਿ ਹਰਿ ਨਾਮਿ ਸੁਖੁ ਹੋਇਆ ॥੧॥

Sahib Singh
ਢੋਇਆ = ਪਾਇਆ ਗਿਆ ।
ਓਨਿ = ਉਸ ਨੇ ।
ਹਲਤੁ = ਇਹ ਲੋਕ ।
ਪਲਤੁ = ਪਰਲੋਕ ।
ਖੋਇਆ = ਗਵਾ ਲਿਆ ।
ਪ੍ਰਭਿ = ਪ੍ਰਭੂ ਨੇ ।
ਸੰਦਾ = ਦਾ ।
ਤਿਦੂ = ਤਿਸ ਪ੍ਰਭੂ ਤੋਂ ।
    
Sahib Singh
ਜੋ ਮਨੁੱਖ ਪੂਰੇ ਸਤਿਗੁਰੂ ਦੀ ਨਿੰਦਾ ਕਰਦਾ ਹੈ, ਉਹ ਸੰਸਾਰ ਵਿਚ (ਭਾਵ, ਸਾਰੀ ਉਮਰ) ਦੁਖੀ ਰਹਿੰਦਾ ਹੈ ।
ਦੁੱਖਾਂ ਦਾ ਖੂਹ-ਰੂਪ ਜੋ ਘੋਰ ਨਰਕ ਹੈ, ਉਸ ਨਿੰਦਕ ਨੂੰ ਪਕੜ ਕੇ ਉਸ (ਖੂਹ) ਵਿਚ ਪਾਇਆ ਜਾਂਦਾ ਹੈ, (ਜਿਥੇ) ਉਸ ਦੇ ਹਾੜੇ-ਤਰਲਿਆਂ ਵਲ ਕੋਈ ਗਹੁ ਨਹੀਂ ਕਰਦਾ, ਤੇ ਉਹ ਜਿਉਂ ਜਿਉਂ ਦੁਖੀ ਹੁੰਦਾ ਹੈ, ਤਿਉਂ ਤਿਉਂ (ਵਧੀਕ) ਰੋਂਦਾ ਹੈ ।
ਲੋਕ ਤੇ ਪਰਲੋਕ, ਭਜਨ-ਰੂਪ ਲਾਭ ਤੇ ਮਨੁੱਖਾ ਜਨਮ-ਰੂਪ ਮੂਲ—ਇਹ ਸਭ ਕੁਝ ਨਿੰਦਕ ਨੇ ਗਵਾ ਲਏ ਹੁੰਦੇ ਹਨ, ਤੇਲੀ ਦਾ ਬਲਦ ਬਣਾ ਕੇ ਨਿੱਤ ਨਵੇਂ-ਸੂਰਜ ਉਹ ਪ੍ਰਭੂ ਦੇ ਹੁਕਮ ਵਿਚ ਜੋਇਆ ਜਾਂਦਾ ਹੈ (ਭਾਵ, ਜਿਵੇਂ ਤੇਲੀ ਦਾ ਬਲਦ ਹਰ ਰੋਜ਼ ਸਵੇਰੇ ਕੋਹਲੂ ਅੱਗੇ ਜੁਪਦਾ ਹੈ, ਤਿਵੇਂ ਉਹ ਨਿੰਦਕ ਨਿੱਤ ਨਿੰਦਾ ਦੇ ਗੇੜ ਵਿਚ ਪੈ ਕੇ ਦੁੱਖ ਸਹਿੰਦਾ ਹੈ) ।
ਹਰੀ ਸਦਾ (ਇਹ) ਸਭ ਕੁਝ ਵੇਖਦਾ ਤੇ ਸੁਣਦਾ ਹੈ, ਉਸ ਤੋਂ ਕੋਈ ਗੱਲ ਲੁਕੀ ਨਹੀਂ ਰਹਿ ਸਕਦੀ ।
(ਇਹ ਪ੍ਰਭੂ ਦੇ ਹੁਕਮ ਵਿਚ ਹੀ ਹੈ ਕਿ) ਜਿਹਾ ਬੀਜ ਕਿਸੇ ਜੀਵ ਨੇ ਮੁੱਢ ਤੋਂ ਬੀਜਿਆ ਹੈ ਤੇ ਜਿਹਾ ਹੁਣ ਬੀਜ ਰਿਹਾ ਹੈ, ਉਹੋ ਜਿਹਾ ਫਲ ਉਹ ਖਾਂਦਾ ਹੈ ।
ਜਿਸ ਮਨੁੱਖ ਤੇ ਪ੍ਰ੍ਰਭੂ ਆਪਣੀ ਮਿਹਰ ਕਰੇ, ਉਹ ਸਤਿਗੁਰੂ ਦੇ ਚਰਨ ਧੋਂਦਾ ਹੈ ।
ਜਿਵੇਂ ਲੋਹਾ ਕਾਠ ਦੇ ਸੰਗ ਤਰਦਾ ਹੈ ਤਿਵੇਂ ਉਹ ਸਤਿਗੁਰੂ ਦੇ ਪੂਰਨਿਆਂ ਤੇ ਤੁਰ ਕੇ (ਸੰਸਾਰ-ਸਾਗਰ ਤੋਂ) ਤਰ ਜਾਂਦਾ ਹੈ ।
(ਇਸ ਵਾਸਤੇ) ਹੇ ਦਾਸ ਨਾਨਕ! ਤੂੰ ਨਾਮ ਜਪੁ (ਕਿਉਂਕਿ) ਪ੍ਰਭੂ ਦਾ ਨਾਮ ਜਪਿਆਂ ਸੁਖ ਮਿਲਦਾ ਹੈ ।੧ ।
Follow us on Twitter Facebook Tumblr Reddit Instagram Youtube