ਪਉੜੀ ॥
ਕਾਇਆ ਕੋਟੁ ਅਪਾਰੁ ਹੈ ਅੰਦਰਿ ਹਟਨਾਲੇ ॥
ਗੁਰਮੁਖਿ ਸਉਦਾ ਜੋ ਕਰੇ ਹਰਿ ਵਸਤੁ ਸਮਾਲੇ ॥
ਨਾਮੁ ਨਿਧਾਨੁ ਹਰਿ ਵਣਜੀਐ ਹੀਰੇ ਪਰਵਾਲੇ ॥
ਵਿਣੁ ਕਾਇਆ ਜਿ ਹੋਰ ਥੈ ਧਨੁ ਖੋਜਦੇ ਸੇ ਮੂੜ ਬੇਤਾਲੇ ॥
ਸੇ ਉਝੜਿ ਭਰਮਿ ਭਵਾਈਅਹਿ ਜਿਉ ਝਾੜ ਮਿਰਗੁ ਭਾਲੇ ॥੧੫॥

Sahib Singh
ਕੋਟੁ = ਕਿਲ੍ਹਾ ।
ਹਟਨਾਲੇ = ਬਾਜ਼ਾਰ ।
ਕਾਇਆ = ਸਰੀਰ ।
ਉਝੜਿ = ਉਜਾੜ ਵਿਚ ।
ਭਵਾਈਅਹਿ = ਭਵਾਏ ਜਾਂਦੇ ਹਨ ।
ਮਿਰਗੁ = ਹਰਨ ।੧੫ ।
    
Sahib Singh
(ਮਨੁੱਖਾ) ਸਰੀਰ ਇਕ ਸੁੰਦਰ ਕਿਲ੍ਹਾ ਹੈ, ਜਿਸ ਵਿਚ (ਮਾਨੋ, ਸੁੰਦਰ) ਬਾਜ਼ਾਰ ਭੀ ਹਨ, (ਭਾਵ, ਗਿਆਨ-ਇੰਦਰੇ ਹੱਟੀਆਂ ਦੀਆਂ ਕਤਾਰਾਂ ਹਨ) ।
ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੋ ਕੇ ਵਪਾਰ ਕਰਦਾ ਹੈ; ਉਹ ਹਰੀ ਦਾ ਨਾਮ-ਵੱਖਰ ਸਾਂਭ ਲੈਂਦਾ ਹੈ ।
(ਸਰੀਰ ਕਿਲ੍ਹੇ ਵਿਚ ਹੀ) ਪ੍ਰਭੂ ਦੇ ਨਾਮ ਦਾ ਖ਼ਜ਼ਾਨਾ ਵਣਜਿਆ ਜਾ ਸਕਦਾ ਹੈ, (ਇਹੋ ਵੱਖਰ ਸਦਾ ਨਾਲ ਨਿਭਣ ਵਾਲੇ) ਹੀਰੇ ਤੇ ਮੂੰਗੇ ਹਨ ।
ਜੋ ਮਨੁੱਖ ਇਸ ਵੱਖਰ ਨੂੰ ਸਰੀਰ ਤੋਂ ਬਿਨਾ ਕਿਸੇ ਹੋਰ ਥਾਂ ਭਾਲਦੇ ਹਨ, ਉਹ ਮੂਰਖ ਹਨ ਤੇ (ਮਨੁੱਖਾ ਸਰੀਰ ਵਿਚ ਆਏ ਹੋਏ) ਭੂਤ ਹਨ ।
ਜਿਵੇਂ (ਕਸਤੂਰੀ ਨੂੰ ਆਪਣੀ ਹੀ ਨਾਭੀ ਵਿਚ ਨਾਹ ਜਾਣਦਾ ਹੋਇਆ) ਹਰਨ (ਕਸਤੂਰੀ ਦੀ ਵਾਸ਼ਨਾ ਲਈ) ਝਾੜਾਂ ਨੂੰ ਭਾਲਦਾ ਫਿਰਦਾ ਹੈ, ਤਿਵੇਂ ਇਹੋ ਜਿਹੇ ਮਨੁੱਖ ਭਰਮ ਵਿਚ (ਫਸੇ ਹੋਏ) ਬਨਾਂ ਵਿਚ ਭਉਂਦੇ ਫਿਰਦੇ ਹਨ ।੧੫ ।
Follow us on Twitter Facebook Tumblr Reddit Instagram Youtube