ਮਃ ੪ ॥
ਜਿਨ ਕਉ ਆਪਿ ਦੇਇ ਵਡਿਆਈ ਜਗਤੁ ਭੀ ਆਪੇ ਆਣਿ ਤਿਨ ਕਉ ਪੈਰੀ ਪਾਏ ॥
ਡਰੀਐ ਤਾਂ ਜੇ ਕਿਛੁ ਆਪ ਦੂ ਕੀਚੈ ਸਭੁ ਕਰਤਾ ਆਪਣੀ ਕਲਾ ਵਧਾਏ ॥
ਦੇਖਹੁ ਭਾਈ ਏਹੁ ਅਖਾੜਾ ਹਰਿ ਪ੍ਰੀਤਮ ਸਚੇ ਕਾ ਜਿਨਿ ਆਪਣੈ ਜੋਰਿ ਸਭਿ ਆਣਿ ਨਿਵਾਏ ॥
ਆਪਣਿਆ ਭਗਤਾ ਕੀ ਰਖ ਕਰੇ ਹਰਿ ਸੁਆਮੀ ਨਿੰਦਕਾ ਦੁਸਟਾ ਕੇ ਮੁਹ ਕਾਲੇ ਕਰਾਏ ॥
ਸਤਿਗੁਰ ਕੀ ਵਡਿਆਈ ਨਿਤ ਚੜੈ ਸਵਾਈ ਹਰਿ ਕੀਰਤਿ ਭਗਤਿ ਨਿਤ ਆਪਿ ਕਰਾਏ ॥
ਅਨਦਿਨੁ ਨਾਮੁ ਜਪਹੁ ਗੁਰਸਿਖਹੁ ਹਰਿ ਕਰਤਾ ਸਤਿਗੁਰੁ ਘਰੀ ਵਸਾਏ ॥
ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ ॥
ਗੁਰਸਿਖਾ ਕੇ ਮੁਹ ਉਜਲੇ ਕਰੇ ਹਰਿ ਪਿਆਰਾ ਗੁਰ ਕਾ ਜੈਕਾਰੁ ਸੰਸਾਰਿ ਸਭਤੁ ਕਰਾਏ ॥
ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਦਾਸਨ ਕੀ ਹਰਿ ਪੈਜ ਰਖਾਏ ॥੨॥

Sahib Singh
ਆਪਣੈ ਜੋਰਿ = ਆਪਣੇ ਬਲ ਨਾਲ ।
ਮੁਹ ਕਾਲੇ ਕਰਾਏ = ਸ਼ਰਮਿੰਦਗੀ ਦੇਂਦਾ ਹੈ ।
ਚੜੈ ਸਵਾਈ = ਵਧਦੀ ਹੈ ।
ਕੀਰਤਿ = ਸੋਭਾ, ਵਡਿਆਈ ।
ਭਗਤਿ = ਬੰਦਗੀ ।
ਸੰਸਾਰਿ = ਸੰਸਾਰ ਵਿਚ ।
ਸਭਤੁ = ਹਰ ਥਾਂ ।
ਪੈਜ = ਲਾਜ ।੨ ।
    
Sahib Singh
ਜਿਨ੍ਹਾਂ ਨੂੰ ਪ੍ਰਭੂ ਆਪ ਵਡਿਆਈ ਬਖ਼ਸ਼ਦਾ ਹੈ, ਉਹਨਾਂ ਦੀ ਚਰਨੀਂ ਸਾਰੇ ਸੰਸਾਰ ਨੂੰ ਭੀ ਲਿਆ ਕੇ ਪਾਂਦਾ ਹੈ; (ਇਸ ਵਡਿਆਈ ਨੂੰ ਆਉਂਦਾ ਵੇਖ ਕੇ) ਤਦ ਡਰੀਏ, ਜੇ ਅਸੀ ਕੁਝ ਆਪਣੇ ਵਲੋਂ ਕਰਦੇ ਹੋਵੀਏ, ਇਹ ਤਾਂ ਕਰਤਾਰ ਆਪਣੀ ਕਲਾ ਆਪ ਵਧਾ ਰਿਹਾ ਹੈ ।
ਹੇ ਭਾਈ! ਚੇਤਾ ਰੱਖੋ, ਜਿਸ ਪ੍ਰਭੂ ਨੇ ਆਪਣੇ ਬਲ ਨਾਲ ਸਭ ਜੀਵਾਂ ਨੂੰ ਲਿਆ ਕੇ (ਸਤਿਗੁਰੂ ਦੇ ਅੱਗੇ) ਨਿਵਾਇਆ ਹੈ, ਉਸ ਸੱਚੇ ਪ੍ਰੀਤਮ ਦਾ ਇਹ ਸੰਸਾਰ (ਇਕ) ਅਖਾੜਾ ਹੈ, (ਜਿਸ ਵਿਚ) ਉਹ ਸੁਆਮੀ ਪ੍ਰਭੂ ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ ਤੇ ਨਿੰਦਕਾਂ ਦੁਸ਼ਟਾਂ ਦੇ ਮੂੰਹ ਕਾਲੇ ਕਰਾਉਂਦਾ ਹੈ ।
ਸਤਿਗੁਰੂ ਦੀ ਮਹਿਮਾ ਸਦਾ ਵਧਦੀ ਹੈ ਕਿਉਂਕਿ ਹਰੀ ਆਪਣੀ ਕੀਰਤੀ ਤੇ ਭਗਤੀ ਸਦਾ ਆਪ ਸਤਿਗੁਰੂ ਪਾਸੋਂ ਕਰਾਉਂਦਾ ਹੈ ।
ਹੇ ਗੁਰ-ਸਿਖੋ! ਹਰ ਰੋਜ਼ (ਭਾਵ, ਹਰ ਵੇਲੇ) ਨਾਮ ਜਪੋ (ਤਾ ਕਿ) ਸਿਰਜਨਹਾਰ ਹਰੀ (ਇਹੋ ਜਿਹਾ) ਸਤਿਗੁਰੂ (ਤੁਹਾਡੇ) ਹਿਰਦੇ ਵਿਚ ਵਸਾ ਦੇਵੇ ।
ਹੇ ਗੁਰ-ਸਿਖੋ! ਸਤਿਗੁਰੂ ਦੀ ਬਾਣੀ ਨਿਰੋਲ ਸੱਚ ਸਮਝੋ (ਕਿਉਂਕਿ) ਸਿਰਜਨਹਾਰ ਪ੍ਰਭੂ ਆਪ ਇਹ ਬਾਣੀ ਸਤਿਗੁਰੂ ਦੇ ਮੂੰਹ ਤੋਂ ਅਖਵਾਂਦਾ ਹੈ ।
ਪਿਆਰਾ ਹਰੀ ਗੁਰ-ਸਿੱਖਾਂ ਦੇ ਮੂੰਹ ਉਜਲੇ ਕਰਦਾ ਹੈ ਤੇ ਸੰਸਾਰ ਵਿਚ ਸਭਨੀਂ ਪਾਸੀਂ ਸਤਿਗੁਰੂ ਦੀ ਜਿੱਤ ਕਰਾਉਂਦਾ ਹੈ ।
ਦਾਸ ਨਾਨਕ ਭੀ ਪ੍ਰਭੂ ਦਾ ਸੇਵਕ ਹੈ; ਪ੍ਰਭੂ ਆਪਣੇ ਦਾਸਾਂ ਦੀ ਲਾਜ ਆਪ ਰੱਖਦਾ ਹੈ ।੨ ।
Follow us on Twitter Facebook Tumblr Reddit Instagram Youtube