ਮਃ ੪ ॥
ਸਤਿਗੁਰ ਸੇਤੀ ਗਣਤ ਜਿ ਰਖੈ ਹਲਤੁ ਪਲਤੁ ਸਭੁ ਤਿਸ ਕਾ ਗਇਆ ॥
ਨਿਤ ਝਹੀਆ ਪਾਏ ਝਗੂ ਸੁਟੇ ਝਖਦਾ ਝਖਦਾ ਝੜਿ ਪਇਆ ॥
ਨਿਤ ਉਪਾਵ ਕਰੈ ਮਾਇਆ ਧਨ ਕਾਰਣਿ ਅਗਲਾ ਧਨੁ ਭੀ ਉਡਿ ਗਇਆ ॥
ਕਿਆ ਓਹੁ ਖਟੇ ਕਿਆ ਓਹੁ ਖਾਵੈ ਜਿਸੁ ਅੰਦਰਿ ਸਹਸਾ ਦੁਖੁ ਪਇਆ ॥
ਨਿਰਵੈਰੈ ਨਾਲਿ ਜਿ ਵੈਰੁ ਰਚਾਏ ਸਭੁ ਪਾਪੁ ਜਗਤੈ ਕਾ ਤਿਨਿ ਸਿਰਿ ਲਇਆ ॥
ਓਸੁ ਅਗੈ ਪਿਛੈ ਢੋਈ ਨਾਹੀ ਜਿਸੁ ਅੰਦਰਿ ਨਿੰਦਾ ਮੁਹਿ ਅੰਬੁ ਪਇਆ ॥
ਜੇ ਸੁਇਨੇ ਨੋ ਓਹੁ ਹਥੁ ਪਾਏ ਤਾ ਖੇਹੂ ਸੇਤੀ ਰਲਿ ਗਇਆ ॥
ਜੇ ਗੁਰ ਕੀ ਸਰਣੀ ਫਿਰਿ ਓਹੁ ਆਵੈ ਤਾ ਪਿਛਲੇ ਅਉਗਣ ਬਖਸਿ ਲਇਆ ॥
ਜਨ ਨਾਨਕ ਅਨਦਿਨੁ ਨਾਮੁ ਧਿਆਇਆ ਹਰਿ ਸਿਮਰਤ ਕਿਲਵਿਖ ਪਾਪ ਗਇਆ ॥੨॥

Sahib Singh
ਗਣਤ = ਕਿੜ, ਵੈਰ ।
ਝਹੀਆ ਪਾਏ = ਕਚੀਚੀਆਂ ਵੱਟਦਾ ਹੈ ।
ਝਗੂ ਸੁਟੇ = ਹਲਕੇ ਕੁੱਤੇ ਵਾਂਗ ਥੁੱਕਾਂ ਸੁੱਟਦਾ ਹੈ ।
ਉਪਾਵ = ਵਿਓਂਤਾਂ ।
ਕਾਰਣਿ = ਵਾਸਤੇ ।
ਸਹਸਾ = ਤੌਖ਼ਲਾ ।
ਸਿਰਿ = ਸਿਰ ਤੇ ।
ਅਗੈ ਪਿਛੈ = ਪਰਲੋਕ ਵਿਚ ਤੇ ਇਸ ਲੋਕ ਵਿਚ ।
ਮੁਹਿ = ਮੂੰਹ ਵਿਚ ।
ਅੰਬੁ = (ਭਾਵ) ਮਿਠਾਸ ।
ਖੇਹੂ ਸੇਤੀ = ਸੁਆਹ ਨਾਲ ।
    
Sahib Singh
ਜੋ ਮਨੁੱਖ ਸਤਿਗੁਰੂ ਨਾਲ ਕਿੜ ਰੱਖਦਾ ਹੈ, ਉਸ ਦਾ ਲੋਕ ਤੇ ਪਰਲੋਕ ਸਮੁੱਚੇ ਹੀ ਵਿਅਰਥ ਜਾਂਦੇ ਹਨ ।
(ਉਸ ਦੀ ਪੇਸ਼ ਤਾਂ ਜਾਂਦੀ ਨਹੀਂ, ਇਸ ਕਰਕੇ ਉਹ) ਸਦਾ ਕਚੀਚੀਆਂ ਵੱਟਦਾ ਹੈ ਤੇ ਦੰਦ ਪੀਂਹਦਾ ਹੈ (ਤੇ ਅੰਤ ਨੂੰ) ਖਪਦਾ ਖਪਦਾ ਨਸ਼ਟ ਹੋ ਜਾਂਦਾ ਹੈ (ਆਤਮਕ ਮੌਤ ਸਹੇੜ ਲੈਂਦਾ ਹੈ) ।
(ਸਤਿਗੁਰੂ ਦਾ ਉਹ ਦੋਖੀ) ਸਦਾ ਮਾਇਆ ਲਈ ਵਿਓਂਤਾਂ ਕਰਦਾ ਹੈ, ਪਰ ਉਸ ਦਾ ਅਗਲਾ (ਕਮਾਇਆ ਹੋਇਆ) ਭੀ ਹੱਥੋਂ ਜਾਂਦਾ ਰਹਿੰਦਾ ਹੈ ।
ਜਿਸ ਮਨੁੱਖ ਦੇ ਹਿਰਦੇ ਵਿਚ ਝੋਰਾ ਤੇ ਸਾੜਾ ਹੋਵੇ, ਉਸ ਨੇ ਖੱਟਣਾ ਕੀਹ ਤੇ ਖਾਣਾ ਕੀਹ ?
(ਭਾਵ, ਉਹ ਨਾ ਕੁਝ ਖੱਟ ਸਕਦਾ ਹੈ ਤੇ ਨਾ ਖੱਟੇ ਹੋਏ ਦਾ ਆਨੰਦ ਲੈ ਸਕਦਾ ਹੈ) ।
ਜੋ ਮਨੁੱਖ ਨਿਰਵੈਰ ਨਾਲ ਵੈਰ ਕਰਦਾ ਹੈ ਉਹ ਸਾਰੇ ਸੰਸਾਰ ਦੇ ਪਾਪਾਂ (ਦਾ ਭਾਰ) ਆਪਣੇ ਸਿਰ ਤੇ ਲੈਂਦਾ ਹੈ, ਉਸ ਨੂੰ ਲੋਕ ਪਰਲੋਕ ਵਿਚ ਕੋਈ ਆਸਰਾ ਨਹੀਂ ਦੇਂਦਾ ।
ਜਿਸ ਦੇ ਹਿਰਦੇ ਵਿਚ ਤਾਂ ਨਿੰਦਾ ਹੋਵੇ, ਪਰ ਮੂੰਹ ਵਿਚ ਅੰਬ ਪਿਆ ਹੋਵੇ (ਭਾਵ, ਜੋ ਮੂੰਹੋਂ ਮਿੱਠਾ ਬੋਲੇ), ਇਹੋ ਜਿਹਾ ਖੋਟਾ ਮਨੁੱਖ ਜੇ ਸੋਨੇ ਨੂੰ ਹੱਥ ਪਾਏ ਉਹ ਭੀ ਸੁਆਹ ਨਾਲ ਰਲ ਜਾਂਦਾ ਹੈ ।
ਫਿਰ ਭੀ (ਭਾਵ, ਇਹੋ ਜਿਹਾ ਪਾਪੀ ਹੁੰਦਿਆਂ ਭੀ) ਜੇ ਉਹ ਸਤਿਗੁਰੂ ਦੀ ਚਰਨੀਂ ਢਹਿ ਪਵੇ ਤਾਂ ਸਤਿਗੁਰੂ ਉਸ ਦੇ ਪਿਛਲੇ ਅਉਗੁਣਾਂ ਨੂੰ ਬਖ਼ਸ਼ ਦੇਂਦਾ ਹੈ ।
ਹੇ ਨਾਨਕ! ਜੋ ਮਨੁੱਖ (ਸਤਿਗੁਰੂ ਦੀ ਸਰਣਿ ਪੈ ਕੇ) ਹਰ ਰੋਜ਼ ਨਾਮ ਜਪਦਾ ਹੈ, ਪ੍ਰਭੂ ਨੂੰ ਸਿਮਰਦਿਆਂ ਉਸ ਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ ।੨ ।
Follow us on Twitter Facebook Tumblr Reddit Instagram Youtube