ਸਲੋਕ ਮਃ ੪ ॥
ਅਗੋ ਦੇ ਸਤ ਭਾਉ ਨ ਦਿਚੈ ਪਿਛੋ ਦੇ ਆਖਿਆ ਕੰਮਿ ਨ ਆਵੈ ॥
ਅਧ ਵਿਚਿ ਫਿਰੈ ਮਨਮੁਖੁ ਵੇਚਾਰਾ ਗਲੀ ਕਿਉ ਸੁਖੁ ਪਾਵੈ ॥
ਜਿਸੁ ਅੰਦਰਿ ਪ੍ਰੀਤਿ ਨਹੀ ਸਤਿਗੁਰ ਕੀ ਸੁ ਕੂੜੀ ਆਵੈ ਕੂੜੀ ਜਾਵੈ ॥
ਜੇ ਕ੍ਰਿਪਾ ਕਰੇ ਮੇਰਾ ਹਰਿ ਪ੍ਰਭੁ ਕਰਤਾ ਤਾਂ ਸਤਿਗੁਰੁ ਪਾਰਬ੍ਰਹਮੁ ਨਦਰੀ ਆਵੈ ॥
ਤਾ ਅਪਿਉ ਪੀਵੈ ਸਬਦੁ ਗੁਰ ਕੇਰਾ ਸਭੁ ਕਾੜਾ ਅੰਦੇਸਾ ਭਰਮੁ ਚੁਕਾਵੈ ॥
ਸਦਾ ਅਨੰਦਿ ਰਹੈ ਦਿਨੁ ਰਾਤੀ ਜਨ ਨਾਨਕ ਅਨਦਿਨੁ ਹਰਿ ਗੁਣ ਗਾਵੈ ॥੧॥

Sahib Singh
ਅਗੋ ਦੇ = ਪਹਿਲਾਂ ।
ਸਤ ਭਾਉ = ਆਦਰ, ਨੇਕ = ਭਾਵ, ਚੰਗਾ ਸਲੂਕ ।
ਅਧ ਵਿਚਿ = ਦੁਚਿੱਤਾ = ਪਨ ਵਿਚ ।
ਕੂੜੀ = ਝੂਠ ਮੂਠ ਹੀ; ਲੋਕਾਚਾਰੀ ਹੀ ।
ਦਿਚੈ = ਦਿੱਤਾ ਜਾਏ ।
ਪਿਛੋਦੇ = ਸਮਾ ਵਿਹਾ ਜਾਣ ਤੇ ।
ਅਪਿਉ = ਅੰਮਿ੍ਰਤ, ਆਤਮਕ ਜੀਵਨ ਦੇਣ ਵਾਲਾ ਨਾਮ-ਜਲ ।
ਕੇਰਾ = ਦਾ ।
ਭਰਮੁ = ਭਟਕਣਾ ।
ਅਨੰਦਿ = ਅਨੰਦ ਵਿਚ ।੧ ।
    
Sahib Singh
ਮਨ ਦਾ ਮੁਰੀਦ ਮਨੁੱਖ ਪਹਿਲਾਂ ਤਾਂ (ਗੁਰੂ ਦੇ ਬਚਨਾਂ ਨੂੰ) ਆਦਰ ਨਹੀਂ ਦੇਂਦਾ, ਪਿਛੋਂ ਉਸ ਦੇ ਆਖਣ ਦਾ ਕੋਈ ਲਾਭ ਨਹੀਂ ਹੁੰਦਾ, ਉਹ ਅਭਾਗਾ ਦੁਚਿੱਤਾ-ਪਨ ਵਿਚ ਹੀ ਭਟਕਦਾ ਹੈ (ਜੇ ਸ਼ਰਧਾ ਪਿਆਰ ਨਾ ਹੋਵੇ ਤਾਂ) ਨਿਰੀਆਂ ਗੱਲਾਂ ਕਰ ਕੇ ਕਿਵੇਂ ਸੁਖ ਮਿਲ ਜਾਏ ?
ਜਿਸ ਦੇ ਹਿਰਦੇ ਵਿਚ ਸਤਿਗੁਰੂ ਦਾ ਪਿਆਰ ਨਹੀਂ, ਉਹ ਲੋਕਾਚਾਰੀ (ਗੁਰੂ-ਦਰ ਤੇ) ਆਉਂਦਾ ਜਾਂਦਾ ਹੈ (ਉਸ ਦਾ ਆਉਣ ਜਾਣ ਲੋਕਾਚਾਰੀ ਹੀ ਹੈ) ।
ਜੇ ਮੇਰਾ ਸਿਰਜਣਹਾਰ-ਪ੍ਰਭੂ ਮਿਹਰ ਕਰੇ ਤਾਂ (ਉਸ ਮਨੁੱਖ ਨੂੰ ਭੀ) ਦਿੱਸ ਪੈਂਦਾ ਹੈ ਕਿ ਸਤਿਗੁਰੂ ਪਾਰਬ੍ਰਹਮ (ਦਾ ਰੂਪ ਹੈ) ਉਹ ਸਤਿਗੁਰੂ ਦਾ ਸ਼ਬਦ-ਰੂਪ ਅੰਮਿ੍ਰਤ ਪੀਂਦਾ ਹੈ ਅਤੇ ਝੋਰਾ, ਚਿੰਤਾ ਤੇ ਭਟਕਣਾ ਸਭ ਮੁਕਾ ਲੈਂਦਾ ਹੈ ।
ਹੇ ਨਾਨਕ! ਜੋ ਮਨੁੱਖ ਹਰ ਰੋਜ਼ ਪ੍ਰਭੂ ਦੇ ਗੁਣ ਗਉਂਦਾ ਹੈ ਉਹ ਦਿਨ ਰਾਤ ਸਦਾ ਸੁਖ ਵਿਚ ਰਹਿੰਦਾ ਹੈ ।੧ ।
Follow us on Twitter Facebook Tumblr Reddit Instagram Youtube