ਸਲੋਕ ਮਃ ੪ ॥
ਸਤਿਗੁਰ ਕੀ ਸੇਵਾ ਨਿਰਮਲੀ ਨਿਰਮਲ ਜਨੁ ਹੋਇ ਸੁ ਸੇਵਾ ਘਾਲੇ ॥
ਜਿਨ ਅੰਦਰਿ ਕਪਟੁ ਵਿਕਾਰੁ ਝੂਠੁ ਓਇ ਆਪੇ ਸਚੈ ਵਖਿ ਕਢੇ ਜਜਮਾਲੇ ॥
ਸਚਿਆਰ ਸਿਖ ਬਹਿ ਸਤਿਗੁਰ ਪਾਸਿ ਘਾਲਨਿ ਕੂੜਿਆਰ ਨ ਲਭਨੀ ਕਿਤੈ ਥਾਇ ਭਾਲੇ ॥
ਜਿਨਾ ਸਤਿਗੁਰ ਕਾ ਆਖਿਆ ਸੁਖਾਵੈ ਨਾਹੀ ਤਿਨਾ ਮੁਹ ਭਲੇਰੇ ਫਿਰਹਿ ਦਯਿ ਗਾਲੇ ॥
ਜਿਨ ਅੰਦਰਿ ਪ੍ਰੀਤਿ ਨਹੀ ਹਰਿ ਕੇਰੀ ਸੇ ਕਿਚਰਕੁ ਵੇਰਾਈਅਨਿ ਮਨਮੁਖ ਬੇਤਾਲੇ ॥
ਸਤਿਗੁਰ ਨੋ ਮਿਲੈ ਸੁ ਆਪਣਾ ਮਨੁ ਥਾਇ ਰਖੈ ਓਹੁ ਆਪਿ ਵਰਤੈ ਆਪਣੀ ਵਥੁ ਨਾਲੇ ॥
ਜਨ ਨਾਨਕ ਇਕਨਾ ਗੁਰੁ ਮੇਲਿ ਸੁਖੁ ਦੇਵੈ ਇਕਿ ਆਪੇ ਵਖਿ ਕਢੈ ਠਗਵਾਲੇ ॥੧॥

Sahib Singh
ਸਤਿਗੁਰ ਕੀ ਸੇਵਾ = ਗੁਰੂ ਦਾ ਦੱਸਿਆ ਹੋਇਆ ਰਸਤਾ ।
ਜਜਮਾਲੇ = ਜਜ਼ਾਮੀ, ਕੋੜ੍ਹੇ ।
ਸਚਿਆਰ = ਸੱਚ ਦੇ ਵਪਾਰੀ ।
ਭਲੇਰੇ = ਮੰਦੇ, ਭਰਿਸ਼ਟੇ ਹੋਏ ।
ਦਯਿ = ਖਸਮ ਵਲੋਂ ।
ਵੇਰਾਈਅਨਿ = ਵਿਰਚਾਏ ਜਾ ਸਕਦੇ ਹਨ ।
ਬੇਤਾਲ = ਬੇਥਵ੍ਹੇ, ਭੂਤ ।
ਥਾਇ = ਥਾਂ ਸਿਰ ।
ਵਥੁ = ਚੀਜ਼ ।
ਨਾਲੇ = ਅਤੇ ।
ਇਕਿ = ਕਈ ਜੀਵ ।
ਠਗਵਾਲੇ = ਠੱਗੀ ਕਰਨ ਵਾਲੇ ।੧ ।
    
Sahib Singh
ਸਤਿਗੁਰੂ ਦੀ (ਦੱਸੀ) ਸੇਵਾ (ਇਕ) ਪਵਿ੍ਰਤ (ਕੰਮ) ਹੈ, ਜੋ ਮਨੁੱਖ ਨਿਰਮਲ ਹੋਵੇ (ਭਾਵ, ਜਿਸ ਮਨੁੱਖ ਦਾ ਹਿਰਦਾ ਮਲੀਨ ਨਾ ਹੋਵੇ) ਉਹੋ ਹੀ ਇਹ ਅੌਖੀ ਕਾਰ ਕਰ ਸਕਦਾ ਹੈ ।
ਜਿਨ੍ਹਾਂ ਦੇ ਹਿਰਦੇ ਵਿਚ ਧੋਖਾ ਵਿਕਾਰ ਤੇ ਝੂਠ ਹੈ, ਸੱਚੇ ਪ੍ਰਭੂ ਨੇ ਆਪ ਹੀ ਉਹਨਾਂ ਕੋੜਿ੍ਹਆਂ ਨੂੰ (ਗੁਰੂ ਤੋਂ) ਵੱਖਰੇ ਕਰ ਦਿੱਤਾ ਹੈ ।
ਸੱਚ ਦੇ ਵਪਾਰੀ ਸਿੱਖ ਤਾਂ ਸਤਿਗੁਰੂ ਦੇ ਪਾਸ ਬਹਿ ਕੇ (ਸੇਵਾ ਦੀ) ਘਾਲ ਘਾਲਦੇ ਹਨ, ਪਰ ਉਥੇ ਕੂੜ ਦੇ ਵਪਾਰੀ ਕਿਤੇ ਲੱਭਿਆਂ ਭੀ ਨਹੀਂ ਲੱਭਦੇ ।
ਜਿਨ੍ਹਾਂ ਮਨੁੱਖਾਂ ਨੂੰ ਸਤਿਗੁਰੂ ਦੇ ਬਚਨ ਚੰਗੇ ਨਹੀ ਲੱਗਦੇ ਉਹਨਾਂ ਦੇ ਮੂੰਹ ਭਰਿਸ਼ਟੇ ਹੋਏ ਹੁੰਦੇ ਹਨ, ਉਹ ਖਸਮ ਵਲੋਂ ਫਿਟਕਾਰੇ ਹੋਏ ਫਿਰਦੇ ਹਨ ।
ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਦਾ ਪਿਆਰ ਨਹੀ, ਕਦ ਤਾਈਂ ਉਹਨਾਂ ਨੂੰ ਧੀਰਜ ਦਿੱਤੀ ਜਾ ਸਕਦੀ ਹੈ ?
ਉਹ ਮਨ ਦੇ ਮੁਰੀਦ ਬੰੰਦੇ ਭੂਤਾਂ ਵਾਂਗ ਹੀ ਭਟਕਦੇ ਹਨ ।
ਜੇਹੜਾ ਮਨੁੱਖ ਸਤਿਗੁਰੂ ਨੂੰ ਮਿਲਦਾ ਹੈ ਉਹ (ਇਕ ਤਾਂ) ਆਪਣੇ ਮਨ ਨੂੰ (ਵਿਕਾਰਾਂ ਵੱਲੋਂ ਰੋਕ ਕੇ) ਟਿਕਾਣੇ ਰੱਖਦਾ ਹੈ, ਨਾਲੇ (ਭਾਵ, ਤੇ ਹੋਰ) ਆਪਣੀ ਵਸਤੂ ਨੂੰ ਉਹ ਆਪ ਹੀ ਵਰਤਦਾ ਹੈ (ਭਾਵ, ਕਾਮਾਦਿਕ ਵੈਰੀ ਉਸ ਦੇ ਆਤਮਕ ਆਨੰਦ ਨੂੰ ਖ਼ਰਾਬ ਨਹੀਂ ਕਰ ਸਕਦੇ), (ਪਰ) ਹੇ ਦਾਸ ਨਾਨਕ! (ਜੀਵ ਦੇ ਹੱਥ ਵਿਚ ਕੁੱਝ ਨਹੀਂ) ਇਕਨਾਂ ਨੂੰ ਆਪ ਹਰੀ ਸਤਿਗੁਰੂ ਮਿਲਾਂਦਾ ਹੈ ਤੇ ਸੁਖ ਬਖ਼ਸ਼ਦਾ ਹੈ ਅਤੇ ਇਕਨਾਂ ਠੱਗੀ ਕਰਨ ਵਾਲਿਆਂ ਨੂੰ ਵੱਖ ਕਰ ਦੇਂਦਾ ਹੈ (ਭਾਵ, ਸਤਿਗੁਰੂ ਮਿਲਣ ਨਹੀਂ ਦੇਂਦਾ) ।੧ ।
Follow us on Twitter Facebook Tumblr Reddit Instagram Youtube