ਸਲੋਕ ਮਃ ੪ ॥
ਹਰਿ ਪ੍ਰਭ ਕਾ ਸਭੁ ਖੇਤੁ ਹੈ ਹਰਿ ਆਪਿ ਕਿਰਸਾਣੀ ਲਾਇਆ ॥
ਗੁਰਮੁਖਿ ਬਖਸਿ ਜਮਾਈਅਨੁ ਮਨਮੁਖੀ ਮੂਲੁ ਗਵਾਇਆ ॥
ਸਭੁ ਕੋ ਬੀਜੇ ਆਪਣੇ ਭਲੇ ਨੋ ਹਰਿ ਭਾਵੈ ਸੋ ਖੇਤੁ ਜਮਾਇਆ ॥
ਗੁਰਸਿਖੀ ਹਰਿ ਅੰਮ੍ਰਿਤੁ ਬੀਜਿਆ ਹਰਿ ਅੰਮ੍ਰਿਤ ਨਾਮੁ ਫਲੁ ਅੰਮ੍ਰਿਤੁ ਪਾਇਆ ॥
ਜਮੁ ਚੂਹਾ ਕਿਰਸ ਨਿਤ ਕੁਰਕਦਾ ਹਰਿ ਕਰਤੈ ਮਾਰਿ ਕਢਾਇਆ ॥
ਕਿਰਸਾਣੀ ਜੰਮੀ ਭਾਉ ਕਰਿ ਹਰਿ ਬੋਹਲ ਬਖਸ ਜਮਾਇਆ ॥
ਤਿਨ ਕਾ ਕਾੜਾ ਅੰਦੇਸਾ ਸਭੁ ਲਾਹਿਓਨੁ ਜਿਨੀ ਸਤਿਗੁਰੁ ਪੁਰਖੁ ਧਿਆਇਆ ॥
ਜਨ ਨਾਨਕ ਨਾਮੁ ਅਰਾਧਿਆ ਆਪਿ ਤਰਿਆ ਸਭੁ ਜਗਤੁ ਤਰਾਇਆ ॥੧॥

Sahib Singh
ਕਿਰਸਾਣੀ = ਵਾਹੀ ।
ਬਖਸਿ = ਬਖ਼ਸ਼ ਕੇ, ਮਿਹਰ ਕਰ ਕੇ ।
ਜਮਾਈਅਨੁ = ਜਮਾ ਦਿੱਤੀ ਹੈ ਉਸ ਨੇ, ਉਗਾ ਦਿੱਤੀ ਹੈ ਉਸ ਨੇ ।
ਸਭੁ ਕੋ = ਹਰੇਕ ਜੀਵ ।
ਭਾਵੈ = ਚੰਗਾ ਲੱਗੇ ।
ਕਿਰਸ = ਫ਼ਸਲ, ਖੇਤੀ ।
ਕੁਰਕਦਾ = ਟੁੱਕਦਾ, ਕੁਤਰਦਾ ।
ਕਿਰਸਾਣੀ = ਫ਼ਸਲ ।
ਭਾਉ ਕਰਿ = ਪ੍ਰੁੇਮ ਕਰ ਕੇ, ਫੱਬ ਕੇ ।
ਬਖਸ = ਬਖ਼ਸ਼ਸ਼ ।
ਲਾਹਿਓਨੁ = ਲਾਹ ਦਿੱਤਾ ਹੈ ਉਸ (ਪ੍ਰਭੂ) ਨੇ ।੧ ।
    
Sahib Singh
ਸਾਰਾ ਸੰਸਾਰ ਪ੍ਰਭੂ ਦੀ (ਮਾਨੋ) ਪੈਲੀ ਹੈ (ਜਿਸ ਵਿਚ) ਪ੍ਰਭੂ ਨੇ (ਜੀਵਾਂ ਨੂੰ) ਵਾਹੀ ਦੇ ਕੰਮ ਵਿਚ ਜੋੜਿਆ ਹੈ (ਭਾਵ, ਨਾਮ ਜਪਣ ਲਈ ਭੇਜਿਆ ਹੋਇਆ ਹੈ) ।
ਜੋ ਮਨੁੱਖ ਸਤਿਗੁਰੂ ਦੇ ਸਨਮੁਖ ਰਹਿੰਦੇ ਹਨ, ਉਹਨਾਂ ਦੀ (ਖੇਤੀ) ਪ੍ਰਭੂ ਨੇ ਮਿਹਰ ਕਰ ਕੇ ਉਗਾ ਦਿੱਤੀ ਹੈ, (ਪਰ) ਜੋ ਮਨੁੱਖ ਮਨ ਦੇ ਪਿਛੇ ਭੁੱਲੇ ਰਹੇ, ਉਹਨਾਂ ਮੂਲ ਭੀ ਗਵਾ ਲਿਆ (ਭਾਵ, ਮਨੁੱਖਾ ਜਨਮ ਹੱਥੋਂ ਖੋਹ ਲਿਆ) ।
(ਆਪਣੇ ਵਲੋਂ) ਹਰ ਕੋਈ ਆਪਣੇ ਭਲੇ ਲਈ ਬੀਜਦਾ ਹੈ (ਪਰ) ਉਹੀ ਖੇਤ ਚੰਗਾ ਉੱਗਦਾ ਹੈ (ਭਾਵ, ਉਹੀ ਕਮਾਈ ਸਫਲ ਹੁੰਦੀ ਹੈ) ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ ।
(ਇਸ ਕਰਕੇ ਹਰੀ ਦੀ ਪ੍ਰਸੰਨਤਾ ਲਈ) ਸਤਿਗੁਰੂ ਦੇ ਸਿੱਖ ਅਮਰ ਕਰਨ ਵਾਲੇ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਬੀਜਦੇ ਹਨ ਤੇ ਉਹਨਾਂ ਨੂੰ ਹਰਿਨਾਮ-ਰੂਪ ਅੰਮਿ੍ਰਤ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ ।
(ਮਨਮੁਖਾਂ ਦੀ) ਕਿਰਸਾਣੀ ਨੂੰ ਜੋ ਜਮ (ਰੂਪ) ਚੂਹਾ ਸਦਾ ਟੁੱਕੀ ਜਾਂਦਾ ਹੈ ਗੁਰਸਿੱਖਾਂ ਦਾ ਉਹ ਕੋਈਵਿਗਾੜ ਨਹੀਂ ਕਰ ਸਕਦਾ, (ਕਿਉਂਕਿ) ਸਿਰਜਣਹਾਰ ਪ੍ਰਭੂ ਨੇ ਮਾਰ ਕੇ ਉਸ ਨੂੰ ਕੱਢ ਦਿੱਤਾ ਹੈ (ਭਾਵ, ਗੁਰਸਿੱਖਾਂ ਦੇ ਹਿਰਦੇ ਵਿਚ ਮਾਇਆ ਵਾਲਾ ਪ੍ਰਭਾਵ ਹੀ ਨਹੀਂ ਰਹਿਣ ਦਿੱਤਾ), (ਇਸ ਵਾਸਤੇ ਉਹਨਾਂ ਦੀ) ਫ਼ਸਲ ਪ੍ਰੇਮ ਨਾਲ (ਭਾਵ, ਚੰਗੀ ਫੱਬ ਕੇ) ਉੱਗਦੀ ਹੈ ਤੇ ਪ੍ਰਭੂ ਦੀ ਮਿਹਰ-ਰੂਪੀ ਬੋਹਲ ਦਾ ਢੇਰ ਲੱਗ ਜਾਂਦਾ ਹੈ ।
ਜੇਹੜੇ ਮਨੁੱਖ ਸਤਿਗੁਰ ਪੁਰਖ ਦਾ ਧਿਆਨ ਧਰਦੇ ਹਨ, ਪ੍ਰਭੂ ਨੇ ਉਹਨਾਂ ਦਾ ਸਾਰਾ ਝੋਰਾ ਤੇ ਚਿੰਤਾ ਲਾਹ ਦਿੱਤਾ ਹੈ ।
ਹੇ ਦਾਸ ਨਾਨਕ! ਜੋ ਮਨੁੱਖ ਪ੍ਰਭੂ-ਨਾਮ ਦਾ ਸਿਮਰਨ ਕਰਦਾ ਹੈ, ਉਹ ਆਪ (ਇਸ ਕਾੜੇ ਅੰਦੇਸੇ-ਭਰੇ ਸਮੁੰਦਰ ਵਿਚੋਂ) ਤਰ ਜਾਂਦਾ ਹੈ ਤੇ ਸਾਰੇ ਸੰਸਾਰ ਨੂੰ ਤਾਰ ਲੈਂਦਾ ਹੈ ।੧ ।
Follow us on Twitter Facebook Tumblr Reddit Instagram Youtube