ਪਉੜੀ ॥
ਸਚੁ ਸਚਾ ਸਭ ਦੂ ਵਡਾ ਹੈ ਸੋ ਲਏ ਜਿਸੁ ਸਤਿਗੁਰੁ ਟਿਕੇ ॥
ਸੋ ਸਤਿਗੁਰੁ ਜਿ ਸਚੁ ਧਿਆਇਦਾ ਸਚੁ ਸਚਾ ਸਤਿਗੁਰੁ ਇਕੇ ॥
ਸੋਈ ਸਤਿਗੁਰੁ ਪੁਰਖੁ ਹੈ ਜਿਨਿ ਪੰਜੇ ਦੂਤ ਕੀਤੇ ਵਸਿ ਛਿਕੇ ॥
ਜਿ ਬਿਨੁ ਸਤਿਗੁਰ ਸੇਵੇ ਆਪੁ ਗਣਾਇਦੇ ਤਿਨ ਅੰਦਰਿ ਕੂੜੁ ਫਿਟੁ ਫਿਟੁ ਮੁਹ ਫਿਕੇ ॥
ਓਇ ਬੋਲੇ ਕਿਸੈ ਨ ਭਾਵਨੀ ਮੁਹ ਕਾਲੇ ਸਤਿਗੁਰ ਤੇ ਚੁਕੇ ॥੮॥

Sahib Singh
ਟਿਕੇ = ਟਿੱਕੇ, ਤਿਲਕ ਦੇਂਦਾ ਹੈ, ਅਸੀਸ ਦੇਂਦਾ ਹੈ, ਮਿਹਰ ਦੀ ਨਜ਼ਰ ਕਰਦਾ ਹੈ ।
(ਨੋਟ: = 'ਟਿੱਕੇ' ਦਾ ਅਰਥ ਗੱਦੀ ਦੇਣਾ ਗ਼ਲਤ ਹੈ ।
    ਗੱਦੀ ਤਾਂ ਗੁਰੂ ਗੋਬਿੰਦ ਸਿੰਘ ਜੀ ਤੋਂ ਪਿਛੋਂ ਕਿਸੇ ਮਨੁੱਖ ਨੂੰ ਨਹੀਂ ਮਿਲੀ ।
    ਕੀ 'ਗੁਰੂ' ਬਣਨ ਤੋਂ ਬਿਨਾ ਕਿਸੇ ਹੋਰ ਨੂੰ ਪਰਮਾਤਮਾ ਨਹੀਂ ਮਿਲ ਸਕਦਾ?) ੮ ।
    
Sahib Singh
ਸਦਾ-ਥਿਰ ਰਹਿਣ ਵਾਲਾ ਜੋ ਸੱਚਾ ਪ੍ਰਭੂ ਸਭ ਤੋਂ ਵੱਡਾ ਹੈ, ਉਸ ਮਨੁੱਖ ਨੂੰ ਮਿਲਦਾ ਹੈ ਜਿਸ ਨੂੰ ਸਤਿਗੁਰੂ ਤਿਲਕ ਦੇਵੇ (ਭਾਵ, ਅਸੀਸ ਦੇਵੇ) ।
ਸਤਿਗੁਰੂ ਭੀ ਉਹੀ ਹੈ ਜੋ ਸਦਾ ਸੱਚੇ ਪ੍ਰਭੂ ਨੂੰ ਚੇਤੇ ਰੱਖਦਾ ਹੈ (ਅਤੇ ਇਸ ਤ੍ਰਹਾਂ) ਸੱਚਾ ਪ੍ਰਭੂ ਤੇ ਸਤਿਗੁਰੂ ਇੱਕ-ਰੂਪ (ਹੋ ਗਏ ਹਨ,) ਜਿਸ ਨੇ (ਕਾਮਾਦਿਕ) ਪੰਜੇ ਵੈਰੀ ਖਿੱਚ ਕੇ ਵੱਸ ਕਰ ਲਏ ਹਨ ।
ਜੋ ਮਨੁੱਖ ਸਤਿਗੁਰੂ ਦੀ ਸੇਵਾ ਤੋਂ ਵਾਂਜੇ ਰਹਿੰਦੇ ਹਨ ਤੇ ਆਪਣੇ ਆਪ ਨੂੰ ਵੱਡਾ ਅਖਵਾਉਂਦੇ ਹਨ, ਉਹਨਾਂ ਦੇ ਹਿਰਦੇ ਵਿਚ ਝੂਠ ਹੁੰਦਾ ਹੈ (ਇਸ ਕਰਕੇ ਉਹਨਾਂ ਦਾ) ਮੂੰਹ ਫਿੱਕਾ (ਰਹਿੰਦਾ ਹੈ, ਭਾਵ, ਉਹਨਾਂ ਦੇ ਮੂੰਹ ਤੇ ਨਾਮ ਦੀ ਲਾਲੀ ਨਹੀਂ ਹੁੰਦੀ ਤੇ) ਉਹਨਾਂ ਨੂੰ ਸਦਾ ਫਿਟਕਾਰ ਪੈਂਦੀ ਹੈ; ਕਿਸੇ ਨੂੰ ਉਹਨਾਂ ਦੇ ਬਚਨ ਹੱਛੇ ਨਹੀਂ ਲੱਗਦੇ (ਅੰਦਰ ਕੂੜ ਹੋਣ ਕਰਕੇ) ਉਹਨਾਂ ਦੇ ਮੂੰਹ ਭੀ ਭਰਿਸ਼ਟੇ ਹੋਏ ਹੁੰਦੇ ਹਨ (ਕਿਉਂਕਿ) ਉਹ ਸਤਿਗੁਰ ਤੋਂ ਭੁੱਲੇ ਹੋਏ ਹਨ ।੮ ।
Follow us on Twitter Facebook Tumblr Reddit Instagram Youtube