ਮਃ ੪ ॥
ਪੂਰੇ ਗੁਰ ਕਾ ਹੁਕਮੁ ਨ ਮੰਨੈ ਓਹੁ ਮਨਮੁਖੁ ਅਗਿਆਨੁ ਮੁਠਾ ਬਿਖੁ ਮਾਇਆ ॥
ਓਸੁ ਅੰਦਰਿ ਕੂੜੁ ਕੂੜੋ ਕਰਿ ਬੁਝੈ ਅਣਹੋਦੇ ਝਗੜੇ ਦਯਿ ਓਸ ਦੈ ਗਲਿ ਪਾਇਆ ॥
ਓਹੁ ਗਲ ਫਰੋਸੀ ਕਰੇ ਬਹੁਤੇਰੀ ਓਸ ਦਾ ਬੋਲਿਆ ਕਿਸੈ ਨ ਭਾਇਆ ॥
ਓਹੁ ਘਰਿ ਘਰਿ ਹੰਢੈ ਜਿਉ ਰੰਨ ਦੋੁਹਾਗਣਿ ਓਸੁ ਨਾਲਿ ਮੁਹੁ ਜੋੜੇ ਓਸੁ ਭੀ ਲਛਣੁ ਲਾਇਆ ॥
ਗੁਰਮੁਖਿ ਹੋਇ ਸੁ ਅਲਿਪਤੋ ਵਰਤੈ ਓਸ ਦਾ ਪਾਸੁ ਛਡਿ ਗੁਰ ਪਾਸਿ ਬਹਿ ਜਾਇਆ ॥
ਜੋ ਗੁਰੁ ਗੋਪੇ ਆਪਣਾ ਸੁ ਭਲਾ ਨਾਹੀ ਪੰਚਹੁ ਓਨਿ ਲਾਹਾ ਮੂਲੁ ਸਭੁ ਗਵਾਇਆ ॥
ਪਹਿਲਾ ਆਗਮੁ ਨਿਗਮੁ ਨਾਨਕੁ ਆਖਿ ਸੁਣਾਏ ਪੂਰੇ ਗੁਰ ਕਾ ਬਚਨੁ ਉਪਰਿ ਆਇਆ ॥
ਗੁਰਸਿਖਾ ਵਡਿਆਈ ਭਾਵੈ ਗੁਰ ਪੂਰੇ ਕੀ ਮਨਮੁਖਾ ਓਹ ਵੇਲਾ ਹਥਿ ਨ ਆਇਆ ॥੨॥

Sahib Singh
ਬਿਖੁ = ਜ਼ਹਿਰ ।
ਅਣਹੋਦੇ = ਜਿਨ੍ਹਾਂ ਦੀ ਕੋਈ ਹੋਂਦ ਨਹੀਂ, ਨਿਕੰਮੇ ।
ਦਯੁ = ਖਸਮ ।
ਦਯਿ = ਖਸਮ ਨੇ ।
ਗਲਿ = ਗਲ ਵਿਚ ।
ਗਲ ਫਰੋਸੀ = ਗੱਲਾਂ ਵੇਚਣੀਆਂ, ਗੱਲਾਂ ਦੀ ਖੱਟੀ ਖਾਣੀ ।
ਦੁੋਹਾਗਣਿ = (ਅੱਖਰ 'ਦ' ਦੇ ਨਾਲ ( ੁ ) ਪੜ੍ਹਨਾ ਹੈ, ਅਸਲ ਲਫ਼ਜ਼ 'ਦੋਹਾਗਣਿ' ਹੈ) ।
ਲਛਣੁ = ਕਲੰਕ ।
ਅਲਿਪਤੋ = ਵੱਖਰਾ, ਨਿਰਾਲਾ ।
ਪਾਸੁ = ਪਾਸਾ, ਸਾਥ ।
ਗੋਪੇ = ਨਿੰਦਾ ਕਰਦਾ ਹੈ ।
ਓਨਿ = ਉਸ ਨੇ ।
ਲਾਹਾ = ਖੱਟੀ ।
ਆਗਮੁ = ਸ਼ਾਸਤ੍ਰ ।
ਨਿਗਮੁ = ਵੇਦ ।
ਉਪਰਿ ਆਇਆ = (ਸਭ ਤੋਂ ਵਧੀਕ) ਪ੍ਰਮਾਣਿਕ ਹੈ ।
ਹਥਿ ਨ ਆਵੈ = ਨਹੀਂ ਮਿਲਦਾ ।੨ ।
    
Sahib Singh
ਜੋ ਮਨੁੱਖ ਪੂਰੇ ਸਤਿਗੁਰੂ ਦਾ ਹੁਕਮ ਨਹੀਂ ਮੰਨਦਾ, ਓਹ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੇ-ਸਮਝ ਬੰਦਾ ਮਾਇਆ (ਰੂਪ ਜ਼ਹਿਰ) ਦਾ ਠੱਗਿਆ (ਹੋਇਆ ਹੈ,) ਉਸ ਦੇ ਮਨ ਵਿਚ ਝੂਠ ਹੈ (ਸੱਚ ਨੂੰ ਭੀ ਉਹ) ਝੂਠ ਹੀ ਸਮਝਦਾ ਹੈ, ਇਸ ਵਾਸਤੇ ਖਸਮ ਨੇ (ਝੂਠ ਬੋਲਣ ਤੋਂ ਪੈਦਾ ਹੋਏ) ਵਿਅਰਥ ਝਗੜੇ ਉਸ ਦੇ ਗਲ ਪਾ ਦਿੱਤੇ ਹਨ, ਊਲ-ਜਲੂਲ ਬੋਲ ਕੇ ਰੋਟੀ ਕਮਾਉਣ ਦੇ ਉਹ ਬਥੇਰੇ ਜਤਨ ਕਰਦਾ ਹੈ, ਪਰ ਉਸ ਦੇ ਬਚਨ ਕਿਸੇ ਨੂੰ ਚੰਗੇ ਨਹੀਂ ਲੱਗਦੇ; ਛੁੱਟੜ ਰੰਨ ਵਾਂ| ਉਹ ਘਰ ਘਰ ਫਿਰਦਾ ਹੈ, ਜੋ ਮਨੁੱੱਖ ਉਸ ਨਾਲ ਮੇਲ-ਮੁਲਾਕਾਤ ਰੱਖਦਾ ਹੈ ਉਸ ਨੂੰ ਭੀ ਕਲੰਕ ਲੱਗ ਜਾਂਦਾ ਹੈ ।
ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੁੰਦਾ ਹੈ ਉਹ ਮਨਮੁਖ ਤੋਂ ਵੱਖਰਾ ਰਹਿੰਦਾ ਹੈ, ਮਨਮੁਖ ਦਾ ਸਾਥ ਛੱਡ ਕੇ ਸਤਿਗੁਰੂ ਦੀ ਸੰਗਤ ਕਰਦਾ ਹੈ ।
ਹੇ ਸੰਤ ਜਨੋਂ! (ਮੁਕਦੀ ਗੱਲ ਇਹ ਹੈ ਕਿ) ਜੋ ਮਨੁੱਖ ਆਪਣੇ ਸਤਿਗੁਰੂ ਦੀ ਨਿੰਦਾ ਕਰਦਾ ਹੈ, ਉਹ ਚੰਗਾ ਨਹੀਂ, (ਮਨੁੱਖਾ ਜਨਮ ਵਿਚ) ਜੋ ਖੱਟਣਾ ਸੀ ਉਹ ਭੀ ਗਵਾ ਲੈਂਦਾ ਹੈ ਤੇ (ਮਨੁੱਖ-ਜਨਮ-ਰੂਪ) ਮੂਲ ਭੀ ਗਵਾ ਲੈਂਦਾ ਹੈ ।
ਨਾਨਕ ਆਖ ਕੇ ਸੁਣਾਉਂਦਾ ਹੈ (ਭਾਵ, ਨਾਨਕ ਇਸ ਗੱਲ ਤੇ ਜ਼ੋਰ ਦੇ ਕੇ ਆਖਦਾ ਹੈ ਕਿ) (ਗੁਰਸਿੱਖ ਲਈ ਇਹ) ਪਹਿਲਾ ਆਗਮ ਨਿਗਮ ਹੈ (ਇਹੋ ਹੀ ਹੈ ਵੇਦ ਸ਼ਾਸਤ੍ਰਾਂ ਦਾ ਉੱਤਮ ਸਿੱਧਾਂਤ ਕਿ) ਪੂਰੇ ਸਤਿਗੁਰੂ ਦਾ ਬਚਨ (ਸਭ ਤੋਂ) ਵਧੀਕ ਪ੍ਰਮਾਣੀਕ ਹੈ ।
(ਇਸ ਵਾਸਤੇ) ਗੁਰਸਿੱਖਾਂ ਨੂੰ ਪੂਰੇ ਸਤਿਗੁਰੂ ਦੀ ਵਡਿਆਈ ਚੰਗੀ ਲੱਗਦੀ ਹੈ (ਪਰ) ਮਨਮੁਖਾਂ ਨੂੰ ਗੁਰੂ ਦੀ ਵਡਿਆਈ ਸਮਝਣ ਦਾ ਉਹ ਸਮਾਂ ਹੱਥ ਨਹੀਂ ਆਉਂਦਾ ।੨ ।
Follow us on Twitter Facebook Tumblr Reddit Instagram Youtube