ਸਲੋਕ ਮਃ ੪ ॥
ਸਤਿਗੁਰ ਵਿਚਿ ਵਡੀ ਵਡਿਆਈ ਜੋ ਅਨਦਿਨੁ ਹਰਿ ਹਰਿ ਨਾਮੁ ਧਿਆਵੈ ॥
ਹਰਿ ਹਰਿ ਨਾਮੁ ਰਮਤ ਸੁਚ ਸੰਜਮੁ ਹਰਿ ਨਾਮੇ ਹੀ ਤ੍ਰਿਪਤਾਵੈ ॥
ਹਰਿ ਨਾਮੁ ਤਾਣੁ ਹਰਿ ਨਾਮੁ ਦੀਬਾਣੁ ਹਰਿ ਨਾਮੋ ਰਖ ਕਰਾਵੈ ॥
ਜੋ ਚਿਤੁ ਲਾਇ ਪੂਜੇ ਗੁਰ ਮੂਰਤਿ ਸੋ ਮਨ ਇਛੇ ਫਲ ਪਾਵੈ ॥
ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਤਿਸੁ ਕਰਤਾ ਮਾਰ ਦਿਵਾਵੈ ॥
ਫੇਰਿ ਓਹ ਵੇਲਾ ਓਸੁ ਹਥਿ ਨ ਆਵੈ ਓਹੁ ਆਪਣਾ ਬੀਜਿਆ ਆਪੇ ਖਾਵੈ ॥
ਨਰਕਿ ਘੋਰਿ ਮੁਹਿ ਕਾਲੈ ਖੜਿਆ ਜਿਉ ਤਸਕਰੁ ਪਾਇ ਗਲਾਵੈ ॥
ਫਿਰਿ ਸਤਿਗੁਰ ਕੀ ਸਰਣੀ ਪਵੈ ਤਾ ਉਬਰੈ ਜਾ ਹਰਿ ਹਰਿ ਨਾਮੁ ਧਿਆਵੈ ॥
ਹਰਿ ਬਾਤਾ ਆਖਿ ਸੁਣਾਏ ਨਾਨਕੁ ਹਰਿ ਕਰਤੇ ਏਵੈ ਭਾਵੈ ॥੧॥

Sahib Singh
ਵਡਿਆਈ = ਗੁਣ ।
ਅਨਦਿਨੁ = ਹਰ ਰੋਜ਼ ।
ਰਮਤ = ਸਿਮਰਨਾ ।
ਤਾਣੁ = ਬਲ ।
ਦੀਬਾਣੁ = ਆਸਰਾ ।
ਰਖ = ਰੱਖਿਆ ।
ਗੁਰ ਮੂਰਤਿ = ਗੁਰੂ ਦਾ ਇਹ ਸਰੂਪ (ਜਿਸ ਦਾ ਜ਼ਿਕਰ ਉਪਰ ਕੀਤਾ ਗਿਆ ਹੈ) ।
ਮਾਰ = ਸਜ਼ਾ (ਨੋਟ: = ਈਰਖਾ ਦੇ ਕਾਰਨ ਹੀ ਮਨੁੱਖ ਦੂਜੇ ਦੀ ਨਿੰਦਾ ਕਰਦਾ ਹੈ ਸੋ ਨਿੰਦਾ ਕਰਨ ਵੇਲੇ ਉਹ ਈਰਖਾ ਦੀ ਅੱਗ-ਰੂਪ ਘੋਰ ਨਰਕ ਵਿਚ ਸੜ ਰਿਹਾ ਹੁੰਦਾ ਹੈ, ਤੇ ਜਿਨ੍ਹਾਂ ਦੇ ਪਾਸ ਨਿੰਦਾ ਕਰਦਾ ਹੈ ਉਹਨਾਂ ਦੀਆਂ ਨਜ਼ਰਾਂ ਵਿਚ ਭੀ ਹੌਲਾ ਪੈਂਦਾ ਹੈ ।
    ਸੋ, ਸੜਨ ਤੇ ਮੁਕਾਲਖ ਇਹ ਦੋ ਕਿਸਮ ਦੀ ਮਾਰ ਨਿੰਦਕ ਨੂੰ ਪੈਂਦੀ ਹੈ) ।
ਤਸਕਰੁ = ਚੋਰ ।
ਗਲਾਵੈ = ਗਲ ਦੀ ਰੱਸੀ ।੧ ।
    
Sahib Singh
ਸਤਿਗੁਰੂ ਵਿਚ ਇਹ ਭਾਰਾ ਗੁਣ ਹੈ ਕਿ ਉਹ ਹਰ ਰੋਜ਼ ਪ੍ਰਭੂ-ਨਾਮ ਦਾ ਸਿਮਰਨ ਕਰਦਾ ਹੈ, ਸਤਿਗੁਰੂ ਦੀ ਸੁੱਚ ਤੇ ਸੰਜਮ ਹਰਿ-ਨਾਮ ਦਾ ਜਾਪ ਹੈ ਤੇ ਉਹ ਹਰਿ-ਨਾਮ ਵਿਚ ਹੀ ਤਿ੍ਰਪਤ ਰਹਿੰਦਾ ਹੈ; ਹਰਿ ਦਾ ਨਾਮ ਹੀ ਆਸਰਾ ਤੇ ਨਾਮ ਹੀ ਸਤਿਗੁਰੂ ਲਈ ਰੱਖਿਆ ਕਰਨ ਵਾਲਾ ਹੈ ।
ਜੋ ਮਨੁੱਖ ਇਸ ਗੁਰ-ਮੂਰਤੀ ਦਾ ਪੂਜਨ ਚਿੱਤ ਲਾ ਕੇ ਕਰਦਾ ਹੈ (ਭਾਵ, ਜੋ ਜੀਵ ਗਹੁ ਨਾਲ ਸਤਿਗੁਰੂ ਦੇ ਉਪਰ-ਲਿਖੇ ਗੁਣਾਂ ਨੂੰ ਧਾਰਨ ਕਰਦਾ ਹੈ) ਉਸ ਨੂੰ ਉਹੀ ਫਲ ਮਿਲ ਜਾਂਦਾ ਹੈ ਜਿਸ ਦੀ ਮਨ ਵਿਚ ਇੱਛਾ ਕਰੇ ।
ਜੋ ਮਨੁੱਖ ਪੂਰੇ ਸਤਿਗੁਰੂ ਦੀ ਨਿੰਦਾ ਕਰਦਾ ਹੈ, ਉਸ ਨੂੰ ਪ੍ਰਭੂ ਮਾਰ ਪਵਾਉਂਦਾ ਹੈ, ਆਪਣੀ ਹੱਥੀਂ ਨਿੰਦਾ ਦਾ ਬੀਜ ਬੀਜੇ ਦਾ ਫਲ ਉਸ ਨੂੰ ਭੋਗਣਾ ਪੈਂਦਾ ਹੈ (ਤਦੋਂ ਪਛਤਾਉਂਦਾ ਹੈ, ਪਰ) ਫੇਰ ਜੋ ਵੇਲਾ (ਨਿੰਦਾ ਕਰਨ ਵਿਚ ਬੀਤ ਗਿਆ ਹੈ) ਉਸ ਨੂੰ ਮਿਲਦਾ ਨਹੀਂ, ਤੇ ਜਿਵੇਂ ਚੋਰ ਨੂੰ ਗਲ ਵਿਚ ਰੱਸੀ ਪਾ ਕੇ ਲੈ ਜਾਈਦਾ ਹੈ ਤਿਵੇਂ ਕਾਲਾ ਮੂੰਹ ਕਰ ਕੇ (ਮਾਨੋ) ਡਰਾਉਣੇ ਨਰਕ ਵਿਚ (ਉਸ ਨੂੰ ਭੀ) ਪਾਇਆ ਜਾਂਦਾ ਹੈ ।
ਫੇਰ ਇਸ (ਨਿੰਦਾ-ਰੂਪ ਘੋਰ ਨਰਕ ਵਿਚੋਂ) ਤਾਂ ਹੀ ਬਚਦਾ ਹੈ, ਜੇ ਸਤਿਗੁਰੂ ਦੀ ਸਰਨੀ ਪੈ ਕੇ ਪ੍ਰਭੂ ਦਾ ਨਾਮ ਜਪੇ ।
ਨਾਨਕ ਪਰਮਾਤਮਾ (ਦੇ ਦਰ) ਦੀਆਂ ਗੱਲਾਂ ਆਖ ਕੇ ਸੁਣਾ ਰਿਹਾ ਹੈ; ਪਰਮਾਤਮਾ ਨੂੰ ਇਉਂ ਹੀ ਭਾਉਂਦਾ ਹੈ (ਕਿ ਨਿੰਦਕ ਈਰਖਾ ਦੇ ਨਰਕ ਵਿਚ ਆਪੇ ਹੀ ਪਿਆ ਸੜੇ) ।੧ ।
Follow us on Twitter Facebook Tumblr Reddit Instagram Youtube