ਸਲੋਕ ਮਃ ੪ ॥
ਸਤਿਗੁਰੁ ਧਰਤੀ ਧਰਮ ਹੈ ਤਿਸੁ ਵਿਚਿ ਜੇਹਾ ਕੋ ਬੀਜੇ ਤੇਹਾ ਫਲੁ ਪਾਏ ॥
ਗੁਰਸਿਖੀ ਅੰਮ੍ਰਿਤੁ ਬੀਜਿਆ ਤਿਨ ਅੰਮ੍ਰਿਤ ਫਲੁ ਹਰਿ ਪਾਏ ॥
ਓਨਾ ਹਲਤਿ ਪਲਤਿ ਮੁਖ ਉਜਲੇ ਓਇ ਹਰਿ ਦਰਗਹ ਸਚੀ ਪੈਨਾਏ ॥
ਇਕਨ੍ਹਾ ਅੰਦਰਿ ਖੋਟੁ ਨਿਤ ਖੋਟੁ ਕਮਾਵਹਿ ਓਹੁ ਜੇਹਾ ਬੀਜੇ ਤੇਹਾ ਫਲੁ ਖਾਏ ॥
ਜਾ ਸਤਿਗੁਰੁ ਸਰਾਫੁ ਨਦਰਿ ਕਰਿ ਦੇਖੈ ਸੁਆਵਗੀਰ ਸਭਿ ਉਘੜਿ ਆਏ ॥
ਓਇ ਜੇਹਾ ਚਿਤਵਹਿ ਨਿਤ ਤੇਹਾ ਪਾਇਨਿ ਓਇ ਤੇਹੋ ਜੇਹੇ ਦਯਿ ਵਜਾਏ ॥
ਨਾਨਕ ਦੁਹੀ ਸਿਰੀ ਖਸਮੁ ਆਪੇ ਵਰਤੈ ਨਿਤ ਕਰਿ ਕਰਿ ਦੇਖੈ ਚਲਤ ਸਬਾਏ ॥੧॥

Sahib Singh
ਗੁਰਸਿਖੀ = ਗੁਰੂ ਦੇ ਸਿੱਖਾਂ ਨੇ ।
ਹਲਤਿ = ਇਸ ਲੋਕ ਵਿਚ ।
ਪਲਤਿ = ਪਰਲੋਕ ਵਿਚ ।
ਪੈਨਾਏ = ਮੰਨੇ ਜਾਂਦੇ ਹਨ, ਆਦਰ ਦਿੱਤਾ ਜਾਂਦਾ ਹੈ ।
ਓਇ = (ਲਫ਼ਜ਼ 'ਓਹੁ' ਤੋਂ ਬਹੁ-ਵਚਨ) ।
ਸੁਆਵਗੀਰ = ਸੁਆਰਥ ਨੂੰ ਫੜਨ ਵਾਲੇ ।
ਦਯੁ = ਖਸਮ ।
ਦਯਿ = ਖਸਮ ਨੇ ।
ਵਜਾਏ = ਪਰਗਟ ਕੀਤੇ ।
ਸਿਰੀ = ਸਿਰੀਂ, ਪਾਸੀਂ ।
ਚਲਤ = ਕੌਤਕ ।
ਸਬਾਏ = ਸਾਰੇ ।੧ ।
    
Sahib Singh
(ਧਰਤੀ ਦੇ ਸੁਭਾਵ ਵਾਂਗ) ਸਤਿਗੁਰੂ (ਭੀ) ਧਰਮ ਦੀ ਭੋਏਂ ਹੈ, ਜਿਸ ਤ੍ਰਹਾਂ (ਦੀ ਭਾਵਨਾ) ਦਾ ਬੀਜ ਕੋਈ ਬੀਜਦਾ ਹੈ, ਉਹੋ ਜਿਹਾ ਫਲ ਲੈਂਦਾ ਹੈ ।
ਜਿਨ੍ਹਾਂ ਗੁਰਸਿੱਖਾਂ ਨੇ ਨਾਮ-ਅੰਮਿ੍ਰਤ ਬੀਜਿਆ ਹੈ ਉਹਨਾਂ ਨੂੰ ਪ੍ਰਭੂ-ਪ੍ਰਾਪਤੀ-ਰੂਪ ਅੰਮਿ੍ਰਤ ਫਲ ਹੀ ਮਿਲ ਗਿਆ ਹੈ ।
ਇਸ ਸੰਸਾਰ ਵਿਚ ਤੇ ਅਗਲੇ ਜਹਾਨ ਵਿਚ ਉਹ ਸੁਰਖ਼ਰੂ ਹੁੰਦੇ ਹਨ, ਤੇ ਪ੍ਰਭੂ ਦੀ ਸੱਚੀ ਦਰਗਾਹ ਵਿਚ ਉਹਨਾਂ ਦਾ ਆਦਰ ਹੁੰਦਾ ਹੈ ।
ਇਕਨਾਂ ਜੀਵਾਂ ਦੇ ਹਿਰਦੇ ਵਿਚ ਖੋਟ (ਹੋਣ ਕਰਕੇ) ਉਹ ਸਦਾ ਖੋਟੇ ਕਰਮ ਕਰਦੇ ਹਨ ।
ਐਸਾ ਬੰਦਾ ਉਹੋ ਜਿਹਾ ਫਲ ਹੀ ਖਾਂਦਾ ਹੈ, (ਕਿਉਂਕਿ) ਜਦੋਂ ਸਰਾਫ਼ ਸਤਿਗੁਰੂ ਗਹੁ ਨਾਲ ਪਰਖਦਾ ਹੈ ਤਾਂ ਸਾਰੇ ਖ਼ੁਦਗ਼ਰਜ਼ ਪਰਗਟ ਹੋ ਜਾਂਦੇ ਹਨ (ਭਾਵ, ਲੁਕੇ ਨਹੀਂ ਰਹਿ ਸਕਦੇ) ।
ਜਿਹੋ ਜਿਹੀ ਉਹਨਾਂ ਦੇ ਹਿਰਦੇ ਦੀ ਭਾਵਨਾ ਹੁੰਦੀ ਹੈ, ਤਿਹੋ ਜਿਹਾ ਉਹਨਾਂ ਨੂੰ ਫਲ ਮਿਲਦਾ ਹੈ, ਤੇ ਖਸਮ ਪ੍ਰਭੂ ਦੀ ਰਾਹੀਂ ਉਹ ਉਸੇ ਤ੍ਰਹਾਂ ਨਸ਼ਰ ਕਰ ਦਿੱਤੇ ਜਾਂਦੇ ਹਨ, (ਪਰ) ਹੇ ਨਾਨਕ! (ਜੀਵ ਦੇ ਕੀਹ ਵੱਸ?) ਇਹ ਸਾਰੇ ਕੌਤਕ ਪ੍ਰਭੂ ਆਪ ਸਦਾ ਕਰ ਕੇ ਵੇਖ ਰਿਹਾ ਹੈ ਤੇ ਦੋਹੀਂ ਪਾਸੀਂ (ਗੁਰਸਿਖਾਂ ਵਿਚ ਤੇ ਸੁਆਵਗੀਰਾਂ ਵਿਚ) ਆਪ ਹੀ ਪਰਮਾਤਮਾ ਮੌਜੂਦ ਹੈ ।੧ ।
Follow us on Twitter Facebook Tumblr Reddit Instagram Youtube