ਸਲੋਕੁ ॥
ਪੂਰਨੁ ਕਬਹੁ ਨ ਡੋਲਤਾ ਪੂਰਾ ਕੀਆ ਪ੍ਰਭ ਆਪਿ ॥
ਦਿਨੁ ਦਿਨੁ ਚੜੈ ਸਵਾਇਆ ਨਾਨਕ ਹੋਤ ਨ ਘਾਟਿ ॥੧੬॥

Sahib Singh
ਸਲੋਕੁ: = ਪੂਰਨ = ਉਕਾਈ-ਹੀਣ ਜੀਵਨ ਵਾਲਾ ।
ਪ੍ਰਭ ਆਪਿ = ਪ੍ਰਭੂ ਨੇ ਆਪ ।
ਦਿਨੁ ਦਿਨੁ = ਦਿਨੋ ਦਿਨ ।
ਚੜੈ ਸਵਾਇਆ = ਵਧਦਾ ਹੈ, ਆਤਮਕ ਜੀਵਨ ਵਿਚ ਚਮਕਦਾ ਹੈ ।
ਘਾਟਿ = (ਆਤਮਕ ਜੀਵਨ ਵਿਚ) ਕਮੀ ।੧੬ ।
ਪਉੜੀ: = ਪੂਰਨਮਾ = ਪੂਰਨਮਾਸੀ, ਜਿਸ ਰਾਤ ਚੰਦ ਮੁਕੰਮਲ ਹੁੰਦਾ ਹੈ ।
ਕਰਣ ਕਾਰਣ = ਜਗਤ ਦਾ ਮੂਲ ।
ਸਮਰਥੁ = ਸਭ ਤਾਕਤਾਂ ਦਾ ਮਾਲਕ ।
ਜੀਅ = {ਲਫ਼ਜ਼ 'ਜੀਵ' ਤੋਂ ਬਹੁ-ਵਚਨ} ।
ਜਾ ਕਾ = ਜਿਸ ਦਾ ।
ਨਿਧਾਨ = ਖ਼ਜ਼ਾਨਾ ।
ਗੁਰ = ਵੱਡਾ ।
ਅੰਤਰਜਾਮੀ = (ਹਰੇਕ ਦੇ) ਅੰਦਰ ਦੀ ਜਾਣਨ ਵਾਲਾ ।
ਸੁਜਾਨੁ = ਸਿਆਣਾ ।
ਅਲਖ = ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ ।
ਨਿੰਰਜਨ = {ਨਿਰ = ਅੰਜਨ ।
ਅੰਜਨ = ਮਾਇਆ ਦੀ ਕਾਲਖ} ।
ਸਭ ਬਿਧਿ = ਹਰੇਕ ਢੰਗ ।
ਸਰਨਿ ਜੋਗੁ = ਸਰਨ ਆਏ ਦੀ ਸਹਾਇਤਾ ਕਰਨ ਜੋਗਾ ।
ਅਕਬ = ਜਿਨ੍ਹਾਂ ਨੂੰ ਬਿਆਨ ਨਾਹ ਕੀਤਾ ਜਾ ਸਕੇ ।
ਪਤਿਤ = (ਵਿਕਾਰਾਂ ਵਿਚ) ਡਿੱਗੇ ਹੋਏ ।੧੬ ।
    
Sahib Singh
ਸਲੋਕੁ:- ਹੇ ਨਾਨਕ! ਜਿਸ ਮਨੁੱਖ ਨੂੰ ਪਰਮਾਤਮਾ ਨੇ ਆਪ ਮੁਕੰਮਲ ਜੀਵਨ ਵਾਲਾ ਬਣਾ ਦਿੱਤਾ ਉਹਪੂਰਨ ਮਨੁੱਖ ਕਦੇ (ਮਾਇਆ ਦੇ ਅਸਰ ਹੇਠ ਆ ਕੇ) ਨਹੀਂ ਡੋਲਦਾ, ਉਸ ਦਾ ਆਤਮਕ ਜੀਵਨ ਦਿਨੋ ਦਿਨ ਵਧੀਕ ਚਮਕਦਾ ਹੈ, ਉਸ ਦੇ ਆਤਮਕ ਜੀਵਨ ਵਿਚ ਕਦੇ ਕਮੀ ਨਹੀਂ ਹੁੰਦੀ ।੧੬ ।
ਪਉੜੀ:- ਸਿਰਫ਼ ਪਰਮਾਤਮਾ ਹੀ ਸਾਰੇ ਗੁਣਾਂ ਨਾਲ ਭਰਪੂਰ ਹੈ, ਸਾਰੇ ਜਗਤ ਦਾ ਮੂਲ ਹੈ ਤੇ ਸਾਰੀਆਂ ਤਾਕਤਾਂ ਦਾ ਮਾਲਕ ਹੈ ।
ਉਹ ਸਰਬ ਵਿਆਪਕ ਪ੍ਰਭੂ ਸਭ ਜੀਵਾਂ ਉਤੇ ਦਇਆਵਾਨ ਰਹਿੰਦਾ ਹੈ, ਸਭ ਜੀਵਾਂ ਉਤੇ ਉਸ (ਦੀ ਸਹਾਇਤਾ) ਦਾ ਹੱਥ ਹੈ ।
ਉਹ ਪਰਮਾਤਮਾ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਸਾਰੀ ਸਿ੍ਰਸ਼ਟੀ ਦਾ ਪਾਲਕ ਹੈ, ਸਭ ਤੋਂ ਵੱਡਾ ਹੈ, ਸਭ ਕੁਝ ਉਸੇ ਦਾ ਹੀ ਕੀਤਾ ਵਾਪਰਦਾ ਹੈ ।
ਪ੍ਰਭੂ ਸਭ ਦੇ ਦਿਲ ਦੀ ਜਾਣਨ ਵਾਲਾ ਹੈ, ਸਿਆਣਾ ਹੈ, ਉਸ ਦਾ ਮੁਕੰਮਲ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ।
(ਹੇ ਭਾਈ!) ਉਹ ਪਾਰਬ੍ਰਹਮ ਸਭ ਤੋਂ ਵੱਡਾ ਮਾਲਕ ਹੈ (ਜੀਵਾਂ ਦੇ ਭਲੇ ਦਾ) ਹਰੇਕ ਢੰਗ ਜਾਣਨ ਵਾਲਾ ਹੈ, ਸੰਤਾਂ ਦਾ ਰਾਖਾ ਹੈ, ਸਰਨ ਆਏ ਦੀ ਸਹਾਇਤਾ ਕਰਨ ਜੋਗਾ ਹੈ—ਉਸ ਪਰਮਾਤਮਾ ਨੂੰ ਅੱਠੇ ਪਹਰ ਨਮਸਕਾਰ ਕਰ ।
ਹੇ ਨਾਨਕ! ਪਰਮਾਤਮਾ ਦੇ ਸਾਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ, ਉਸ ਦਾ ਸਹੀ ਸਰੂਪ ਸਮਝਿਆ ਨਹੀਂ ਜਾ ਸਕਦਾ ।
ਉਸ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰ ।
ਉਹ ਪਰਮਾਤਮਾ (ਵਿਕਾਰਾਂ ਵਿਚ) ਡਿੱਗੇ ਬੰਦਿਆਂ ਨੂੰ (ਵਿਕਾਰਾਂ ਤੋਂ) ਬਚਾਣ ਵਾਲਾ ਹੈ, ਉਹ ਨਿਖਸਮਿਆਂ ਦਾ ਖਸਮ ਹੈ, ਉਸ ਦਾ ਆਸਰਾ ਲੈ ।੧੬ ।
Follow us on Twitter Facebook Tumblr Reddit Instagram Youtube