ਸਲੋਕੁ ॥
ਤੀਨਿ ਗੁਣਾ ਮਹਿ ਬਿਆਪਿਆ ਪੂਰਨ ਹੋਤ ਨ ਕਾਮ ॥
ਪਤਿਤ ਉਧਾਰਣੁ ਮਨਿ ਬਸੈ ਨਾਨਕ ਛੂਟੈ ਨਾਮ ॥੧੩॥

Sahib Singh
ਸਲੋਕੁ: = ਤੀਨਿ = ਤਿੰਨ ।
ਤੀਨਿ ਗੁਣਾ ਮਹਿ = (ਮਾਇਆ ਦੇ ਤਮੋ ਰਜੋ ਸਤੋ) ਤਿੰਨ ਗੁਣਾਂ ਵਿਚ ।
ਬਿਆਪਿਆ = ਦਬਿਆ ਹੋਇਆ ।
ਕਾਮ = ਕਾਮਨਾ, ਵਾਸਨਾ ।
ਪਤਿਤ ਉਧਾਰਣੁ = (ਵਿਕਾਰਾਂ ਵਿਚ) ਡਿੱਗੇ ਹੋਇਆਂ ਨੂੰ (ਵਿਕਾਰਾਂ ਵਿਚੋਂ) ਬਚਾਣ ਵਾਲਾ ।
ਮਨਿ = ਮਨ ਵਿਚ ।
ਛੁਟੈ = (ਮਾਇਆ ਦੇ ਪੰਜੇ ਤੋਂ) ਬਚਦਾ ਹੈ ।੧੩ ।
ਪਉੜੀ: = ਤ੍ਰਉਦਸੀ = {ਤ੍ਰਯ ਤੇ ਦਸ} ਤੇਰ੍ਹਵੀਂ ਥਿਤਿ ।
ਤੀਨਿ ਤਾਪ = ਤਿੰਨ ਕਿਸਮ ਦੇ ਦੁੱਖ ।
ਅਵਤਾਰ = ਜਨਮ ।
ਸੁਖ ਸਾਗਰ = ਸੁਖਾਂ ਦਾ ਸਮੁੰਦਰ ।
ਨਿਮਖ = ਅੱਖ ਝਮਕਣ ਜਿਤਨਾ ਸਮਾ ।
ਹਰਖ = ਖ਼ੁਸ਼ੀ ।
ਸੋਗ = ਗ਼ਮੀ ।
ਦੇਹੁ = ਪਿੰਡ ।
ਕਰਿ = ਕਰ ਕੇ, ਬਣਾ ਕੇ ।
ਬਾਧਿਓ = ਬੰਨਿ੍ਹਆ ਹੈ, ਵਸਾਇਆ ਹੋਇਆ ਹੈ ।
ਆਸਾਧਿਓ = ਅਸਾਧ, ਕਾਬੂ ਵਿਚ ਨਾਹ ਆ ਸਕਣ ਵਾਲਾ ।
ਦਿਨਹਿ = ਦਿਨ ਵੇਲੇ ।
ਸ੍ਰਮੁ = ਥਕੇਵਾਂ ।
ਨੈਨੀ = ਅੱਖਾਂ ਵਿਚ ।੧੩ ।
    
Sahib Singh
ਸਲੋਕੁ:- ਜਗਤ ਮਾਇਆ ਦੇ ਤਿੰਨ ਗੁਣਾਂ ਦੇ ਦਬਾਉ ਹੇਠ ਆਇਆ ਰਹਿੰਦਾ ਹੈ (ਇਸ ਵਾਸਤੇ ਕਦੇ ਭੀ ਇਸ ਦੀਆਂ) ਵਾਸਨਾ ਪੂਰੀਆਂ ਨਹੀਂ ਹੁੰਦੀਆਂ ।
ਹੇ ਨਾਨਕ! ਉਹ ਮਨੁੱਖ (ਇਸ ਮਾਇਆ ਦੇ ਪੰਜੇ ਵਿਚੋਂ) ਖ਼ਲਾਸੀ ਹਾਸਲ ਕਰਦਾ ਹੈ ਜਿਸ ਦੇ ਮਨ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ ਜਿਸ ਦੇ ਮਨ ਵਿਚ ਉਹ ਪਰਮਾਤਮਾ ਆ ਵੱਸਦਾ ਹੈ ਜੋ ਵਿਕਾਰਾਂ ਵਿਚ ਡਿੱਗੇ ਹੋਏ ਮਨੁੱਖਾਂ ਨੂੰ ਵਿਕਾਰਾਂ ਵਿਚੋਂ ਬਚਾਣ ਦੀ ਸਮਰੱਥਾ ਵਾਲਾ ਹੈ ।੧੩ ।
ਪਉੜੀ:- (ਹੇ ਭਾਈ!) ਜਗਤ ਨੂੰ ਤਿੰਨ ਕਿਸਮਾਂ ਦੇ ਦੁੱਖ ਚੰਬੜੇ ਰਹਿੰਦੇ ਹਨ (ਜਿਸ ਕਰਕੇ ਇਹ) ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ, ਦੁੱਖਾਂ ਵਿਚ ਹੀ ਜੰਮਦਾ ਰਹਿੰਦਾ ਹੈ ।
(ਤਿੰਨ ਤਾਪਾਂ ਦੇ ਕਾਰਨ ਮਨੁੱਖ ਦੇ) ਮਨ ਵਿਚ ਪਰਮਾਤਮਾ ਦਾ ਭਜਨ ਨਹੀਂ ਟਿਕਦਾ, ਅੱਖ ਦੇ ਝਮਕਣ ਜਿਤਨੇ ਸਮੇ ਵਾਸਤੇ ਭੀ ਮਨੁੱਖ ਸੁਖਾਂ-ਦੇ-ਸਮੁੰਦਰ ਪ੍ਰਭੂ ਦੀ ਸਿਫ਼ਿਤ-ਸਾਲਾਹ ਨਹੀਂ ਕਰਦਾ ।
ਮਨੁੱਖ ਆਪਣੇ ਆਪ ਨੂੰ ਖ਼ੁਸ਼ੀ ਗ਼ਮੀ ਦਾ ਪਿੰਡ ਬਣਾ ਕੇ ਵਸਾਈ ਬੈਠਾ ਹੈ, ਇਸ ਨੂੰ ਮਾਇਆ (ਦੇ ਮੋਹ) ਦਾ ਅਜੇਹਾ ਲੰਮਾ ਰੋਗ ਚੰਬੜਿਆ ਹੋਇਆ ਹੈ ਜੋ ਕਾਬੂ ਵਿਚ ਨਹੀਂ ਆ ਸਕਦਾ ।
(ਤਿੰਨਾਂ ਤਾਪਾਂ ਦੇ ਅਸਰ ਹੇਠ ਮਨੁੱਖ) ਸਾਰਾ ਦਿਨ ਵਿਅਰਥ ਕੰਮ ਕਰਦਾ ਕਰਦਾ ਥੱਕ ਜਾਂਦਾ ਹੈ, (ਰਾਤ ਨੂੰ ਜਦੋਂ) ਅੱਖਾਂ ਵਿਚ ਨੀਂਦ (ਆਉਂਦੀ ਹੈ, ਤਦੋਂ) ਸੁਪਨਿਆਂ ਵਿਚ ਭੀ (ਦਿਨ ਵੇਲੇ ਦੀ ਦੌੜ-ਭੱਜ ਦੀਆਂ) ਗੱਲਾਂ ਕਰਦਾ ਹੈ ।
ਪਰਮਾਤਮਾ ਨੂੰ ਭੁਲਾ ਦੇਣ ਦੇ ਕਾਰਨ ਮਨੁੱਖ ਦਾ ਇਹ ਹਾਲ ਹੁੰਦਾ ਹੈ ।
ਹੇ ਨਾਨਕ! (ਆਖ—ਜੇ ਇਸ ਦੁਖਦਾਈ ਹਾਲਤ ਤੋਂ ਬਚਣਾ ਹੈ, ਤਾਂ) ਦਇਆ ਦੇ ਸੋਮੇ ਅਕਾਲ ਪੁਰਖ ਪ੍ਰਭੂ ਦੀ ਸਰਨ ਪਉ ।੧੩ ।
Follow us on Twitter Facebook Tumblr Reddit Instagram Youtube