ਸਲੋਕੁ ॥
ਖਟ ਸਾਸਤ੍ਰ ਊਚੌ ਕਹਹਿ ਅੰਤੁ ਨ ਪਾਰਾਵਾਰ ॥
ਭਗਤ ਸੋਹਹਿ ਗੁਣ ਗਾਵਤੇ ਨਾਨਕ ਪ੍ਰਭ ਕੈ ਦੁਆਰ ॥੬॥

Sahib Singh
ਸਲੋਕੁ: = ਖਟ = ਛੇ ।
ਖਟ ਸਾਸਤ੍ਰ = (ਸਾਂਖ, ਯੋਗ, ਨਿਆਇ, ਵੈਸ਼ੇਸ਼ਿਕ, ਮੀਮਾਂਸਾ, ਵੇਦਾਂਤ) ।
ਪਾਰਾਵਾਰ = ਪਾਰ ਅਵਾਰ, ਪਾਰਲਾ ਉਰਲਾ ਬੰਨਾ ।
ਸੋਹਹਿ = ਸੋਭਦੇ ਹਨ ।
ਕੈ ਦੁਆਰਿ = ਦੇ ਦਰ ਉਤੇ ।੬।ਪਉੜੀ:- ਖਸਟਮਿ—ਛੇਵੀਂ ਥਿਤਿ ।
ਕਥਹਿ = ਬਿਆਨ ਕਰਦੀਆਂ ਹਨ ।
ਸੇਖ = ਸ਼ੇਸ਼ਨਾਗ—ਸ਼ੇਸ਼ਨਾਗ ਆਪਣੇ ਹਜ਼ਾਰ ਮੂੰਹਾਂ ਦੀ ਰਾਹੀਂ ਪਰਮਾਤਮਾ ਦਾ ਨਿੱਤ ਨਵਾਂ ਨਾਮ ਉਚਾਰਦਾ ਦੱਸਿਆ ਗਿਆ ਹੈ ।
ਗੁਣ ਅੰਤੁ = ਗੁਣਾਂ ਦਾ ਅੰਤ ।
ਨਾਰਦ = {ਬ੍ਰਹਮਾ ਦੇ ਦਸ ਪੁੱਤ੍ਰਾਂ ਵਿਚੋਂ ਇਕ; ਉਸ ਦੇ ਪੱਟ ਵਿਚੋਂ ਜੰਮਿਆ ।
    ਮਨੁੱਖਾਂ ਤੇ ਦੇਵਤਿਆਂ ਦੇ ਵਿਚਕਾਰ ਵਿਚੋਲਾ ।
    ਇਹਨਾਂ ਵਿਚ ਝਗੜਾ ਪਾਣ ਵਿਚ ਖ਼ੁਸ਼ ਰਹਿੰਦਾ ਹੈ ।
    'ਵੀਣਾ' ਇਸੇ ਬਣਾਈ ਸੀ ।
    ਇਕ ਸਿਮਿ੍ਰਤੀ ਦਾ ਭੀ ਕਰਤਾ ਹੈ} ।
ਸੁਕ = ਬਿਆਸ ਦਾ ਪੁੱਤਰ {ਜੰਮਦਾ ਹੀ ਗਿਆਨਵਾਨ ਸੀ, ਅਪੱਛਰਾ ਰੰਭਾ ਨੇ ਬਥੇਰਾ ਭਰਮਾਇਆ, ਪਰ ਡੋਲਿਆ ਨਹੀਂ ।
    ਰਾਜਾ ਪਰੀਛਤ ਨੂੰ ਭਾਗਵਤ ਪੁਰਾਣ ਇਸ ਨੇ ਸੁਣਾਇਆ ਸੀ} ।
ਗੀਧੇ = ਭਿੱਜੇ ਹੋਏ ।
ਬੀਧੇ = ਵਿੱਝੇ ਹੋਏ ।
ਭਗਵੰਤ = ਭਗਵਾਨ (ਦੀ ਭਗਤੀ ਵਿਚ) ।
ਮਨਿ = ਮਨ ਵਿਚ ।
ਤਨਿ = ਤਨ ਵਿਚ, ਹਿਰਦੇ ਵਿਚ ।
ਦੇਖਿ = ਦੇਖ ਕੇ ।
ਹਿਰੈ = ਦੂਰ ਹੋ ਜਾਂਦਾ ਹੈ ।
ਲਿਵ ਲਾਇ = ਲਿਵ ਲਾ ਕੇ, ਸੁਰਤਿ ਜੋੜ ਕੇ ।
ਖਾਟਿ = ਖੱਟ ਕੇ ।
ਗੁਣ ਨਿਧਿ = ਗੁਣਾਂ ਦਾ ਭੰਡਾਰ ।੬ ।
    
Sahib Singh
ਸਲੋਕੁ:- ਛੇ ਸ਼ਾਸਤ੍ਰ ਉੱਚੀ (ਪੁਕਾਰ ਕੇ) ਆਖਦੇ ਹਨ ਕਿ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਪਰਮਾਤਮਾ ਦੀ ਹਸਤੀ ਦਾ ਉਰਲਾ ਤੇ ਪਰਲਾ ਬੰਨਾ ਨਹੀਂ ਲੱਭ ਸਕਦਾ ।
ਹੇ ਨਾਨਕ! ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਪਰਮਾਤਮਾ ਦੇ ਦਰ ਤੇ ਉਸ ਦੇ ਗੁਣ ਗਾਂਦੇ ਸੋਹਣੇ ਲੱਗਦੇ ਹਨ ।੬ ।
ਪਉੜੀ:- ਛੇ ਸ਼ਾਸਤ੍ਰ (ਪਰਮਾਤਮਾ ਦਾ ਸਰੂਪ) ਬਿਆਨ ਕਰਦੇ ਹਨ, ਅਨੇਕਾਂ ਸਿਮਿ੍ਰਤੀਆਂ (ਭੀ) ਬਿਆਨ ਕਰਦੀਆਂ ਹਨ (ਪਰ ਕੋਈ ਉਸ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦਾ) ।
ਪਰਮਾਤਮਾ (ਸਭ ਤੋਂ) ਸ੍ਰੇਸ਼ਟ ਤੇ (ਸਭ ਤੋਂ) ਉੱਚਾ ਹੈ (ਕਿਸੇ ਦੀ ਉਸ ਤਕ ਪਹੁੰਚ ਨਹੀਂ) ।
ਅਨੇਕਾਂ ਸ਼ੇਸ਼ਨਾਗ ਭੀ ਉਸ ਦੇ ਗੁਣਾਂ ਦਾ ਅੰਤ ਨਹੀਂ ਜਾਣ ਸਕਦੇ ।
ਨਾਦਰ ਰਿਸ਼ੀ, ਅਨੇਕਾਂ ਮੁਨੀ ਲੋਕ, ਸੁਖਦੇਵ ਅਤੇ ਬਿਆਸ (ਆਦਿਕ ਰਿਸ਼ੀ) ਗੋਬਿੰਦ ਦੀ ਸਿਫ਼ਤਿ-ਸਾਲਾਹ ਗਾਂਦੇ ਹਨ ।
ਭਗਵਾਨ ਦੇ ਭਗਤ ਉਸ ਦੇ ਨਾਮ-ਰਸ ਵਿਚ ਭਿੱਜੇ ਰਹਿੰਦੇ ਹਨ, ਉਸ ਦੀ ਯਾਦ ਵਿਚ ਪ੍ਰੋਤੇ ਰਹਿੰਦੇ ਹਨ ਤੇ ਭਗਤੀ ਵਿਚ ਮਸਤ ਰਹਿੰਦੇ ਹਨ ।
ਜਿਨ੍ਹਾਂ ਮਨੁੱਖਾਂ ਨੇ ਦਇਆ ਦੇ ਘਰ ਪ੍ਰਭੂ ਦਾ ਆਸਰਾ ਲੈ ਲਿਆ (ਉਹਨਾਂ ਦੇ ਅੰਦਰੋਂ ਮਾਇਆ ਦਾ) ਮੋਹ, ਅਹੰਕਾਰ ਤੇ ਭਟਕਣਾ ਸਭ ਕੁਝ ਨਾਸ ਹੋ ਗਿਆ ।
ਜਿਨ੍ਹਾਂ ਦੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਦੇ ਸੋਹਣੇ ਚਰਨ ਵੱਸ ਪਏ, ਪਰਮਾਤਮਾ ਦਾ ਦਰਸਨ ਕਰ ਕੇ ਉਹਨਾਂ ਦਾ ਮਨ ਤਨ ਖਿੜ ਪਿਆ ।
ਸਾਧ ਸੰਗਤਿ ਦੀ ਰਾਹੀਂ ਪ੍ਰਭੂ-ਚਰਨਾਂ ਵਿਚ ਸੁਰਤਿ ਜੋੜ ਕੇ (ਉੱਚਾ ਆਤਮਕ ਜੀਵਨ-ਰੂਪ) ਲਾਭ ਖੱਟ ਲਈਦਾ ਹੈ (ਵਿਕਾਰਾਂ ਵਾਲੇ ਪਾਸੇ ਪਿਆਂ ਜੋ ਆਤਮਕ ਜੀਵਨ ਵਿਚ ਘਾਟ ਪੈਂਦੀ ਜਾਂਦੀ ਹੈ, ਉਹ) ਘਾਟ ਦੂਰ ਹੋ ਜਾਂਦੀ ਹੈ ।
ਹੇ ਨਾਨਕ! ਤੂੰ ਭੀ ਪਰਮਾਤਮਾ ਦਾ ਨਾਮ ਸਿਮਰ, ਤੇ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦੇ ਨਾਮ ਦਾ ਖ਼ਜ਼ਾਨਾ ਇਕੱਠਾ ਕਰ ।੬ ।
Follow us on Twitter Facebook Tumblr Reddit Instagram Youtube