ਥਿਤੀ ਗਉੜੀ ਮਹਲਾ ੫ ॥
ਸਲੋਕੁ ॥
ੴ ਸਤਿਗੁਰ ਪ੍ਰਸਾਦਿ ॥
ਜਲਿ ਥਲਿ ਮਹੀਅਲਿ ਪੂਰਿਆ ਸੁਆਮੀ ਸਿਰਜਨਹਾਰੁ ॥
ਅਨਿਕ ਭਾਂਤਿ ਹੋਇ ਪਸਰਿਆ ਨਾਨਕ ਏਕੰਕਾਰੁ ॥੧॥

Sahib Singh
ਥਿਤੀ = {ਲਫ਼ਜ਼ 'ਥਿਤਿ' ਤੋਂ ਬਹੁ-ਵਚਨ; ਜਿਵੇਂ ‘ਰਾਤਿ’ ਤੋਂ ‘ਰਾਤੀ’, ‘ਰੁਤਿ’ ਤੋਂ ‘ਰੁਤੀ’} ।ਨੋਟ:- ਮੱਸਿਆ ਤੋਂ ਪਿਛੋਂ ਚੰਦ੍ਰਮਾ ਸਹਜੇ ਸਹਜੇ ਇਕ ਇਕ 'ਕਲਾ' ਕਰ ਕੇ ਵਧਣਾ ਸ਼ੁਰੂ ਹੁੰਦਾ ਤੇ ਚੌਦਾਂ ਦਿਨਾਂ ਵਿਚ ਮੁਕੰਮਲ ਹੁੰਦਾ ਹੈ, ਜਿਸ ਨੂੰ ਪੂਰਨਮਾਸ਼ੀ ਆਖਦੇ ਹਨ ।
    ਪੂਰਨਮਾਸ਼ੀ ਤੋਂ ਪਿਛੋਂ ਇਕ ਇਕ 'ਕਲਾ' ਕਰ ਕੇ ਘਟਣਾ ਸੁਰੂ ਹੋ ਜਾਂਦਾ ਹੈ, ਤੇ ਆਖਿ਼ਰ ਮੱਸਿਆ ਦੀ ਰਾਤ ਨੂੰ ਉੱਕਾ ਲੋਪ ਹੋ ਜਾਂਦਾ ਹੈ ।
    'ਥਿਤਿ' ਸੰਸਕ੍ਰਿਤ ਲਫ਼ਜ 'ਤਿਥਿ' ਹੈ, ਭਾਵ ਚੰਦ੍ਰਮਾ ਦੇ ਵਧਣ ਘਟਣ ਦੇ ਹਿਸਾਬ ਦਿਹਾੜਾ ।
ਇਹਨਾਂ ਦੇ ਨਾਮ ਹਨ = ਏਕਮ, ਦੂਜ, ਤੀਜ, ਚੌਥ, ਪੰਚਮੀ, ਖਟ, ਸੱਤਮੀ, ਅਸ਼ਟਮੀ, ਨੌਮੀ, ਦਸਮੀ, ਏਕਾਦਸ਼ੀ, ਦੁਆਦਸ਼ੀ, ਤਿ੍ਰ@ਓਦਸ਼ੀ, ਚੌਦਸ਼, ਪੂਰਨਮਾਸ਼ੀ ।
    ਪੂਰਨਮਾਸ਼ੀ ਤੋਂ ਪਿਛੋਂ ਫਿਰ ਉਸੇ ਤ੍ਰਹਾਂ ਏਕਮ, ਦੂਜ, ਆਦਿਕ ਤੋਂ ਚੱਲ ਕੇ ਅਖ਼ੀਰ ਉਤੇ ਮੱਸਿਆ ।
ਜਲਿ = ਪਾਣੀ ਵਿਚ ।
ਥਲਿ = ਧਰਤੀ ਵਿਚ ।
ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਪੁਲਾੜ ਵਿਚ, ਆਕਾਸ਼ ਵਿਚ ।
ਭਾਂਤਿ = ਤਰੀਕੇ ।
ਪਸਰਿਆ = ਖਿਲਰਿਆ ਹੋਇਆ ।
ਏਕੰਕਾਰੁ = ਇਕ ਅਕਾਲ ਪੁਰਖ ।੧ ।
ਪਉੜੀ = ਏਕਮ—ਪੂਰਨਮਾਸ਼ੀ ਤੋਂ ਅਗਲੀ 'ਥਿਤਿ' ਜਦੋਂ ਚੰਦ੍ਰਮਾ ਦੀ ਇਕ ਕਲਾ ਘਟ ਜਾਂਦੀ ਹੈ ਜਦੋਂ ਚੰਦ੍ਰਮਾ ਦਾ ਆਕਾਰ ਪੂਰੇ ਆਕਾਰ ਨਾਲੋਂ ਚੌਧਵਾਂ ਹਿੱਸਾ ਰੌਸ਼ਨ ਨਹੀਂ ਰਹਿੰਦਾ ।
ਕਰਉ = ਕਰਉਂ, ਮੈਂ ਕਰਦਾ ਹਾਂ ।
ਬੰਦਨਾ = ਨਮਸਕਾਰ ।
ਪਰਉ = ਪਰਉਂ ਮੈਂ ਪੈਂਦਾ ਹਾਂ ।
ਤਾ ਕੀ = ਉਹ (ਪਰਮਾਤਮਾ) ਦੀ ।
ਜਾ ਤੇ = ਜਿਸ (ਪਰਮਾਤਮਾ) ਤੋਂ ।
ਕੁੰਟ = ਕੂਟ, ਪਾਸੇ ।
ਦਹ ਦਿਸਿ = ਦਸਾਂ ਦਿਸ਼ਾਂ ਵਿਚ—ਚੜ੍ਹਦਾ, ਲਹਿੰਦਾ ਦੱਖਣ, ਪਹਾੜ, ਚਾਰੇ ਗੁੱਠਾਂ, ਉੱਪਰ, ਹੇਠਾਂ ।
ਸੁਨੇ = ਸੁਨਿ, ਸੁਣ ਕੇ ।
ਪਤਤਿ ਉਧਾਰਨ = (ਵਿਕਾਰਾਂ ਵਿਚ) ਡਿੱਗੇ ਹੋਇਆਂ ਨੂੰ ਬਚਾਣ ਵਾਲਾ ।
ਭੈ ਹਰਨ = (ਸਾਰੇ) ਡਰ ਦੂਰ ਕਰਨ ਵਾਲਾ ।
ਸਾਗਰ = ਸਮੁੰਦਰ ।
ਭੁਗਤਾ = (ਸਭ ਜੀਵਾਂਵਿਚ ਵਿਆਪਕ ਹੋ ਕੇ) ਭੋਗਣ ਵਾਲਾ ।
ਜਾਇ = ਥਾਂ ।
ਚਾਹਹਿ = ਤੂੰ ਚਾਹੇਂਗਾ ।੧ ।
ਜਸੁ = ਸਿਫ਼ਤਿ = ਸਾਲਾਹ ।
ਗਾਈਐ = ਗਾਣਾ ਚਾਹੀਦਾ ਹੈ ।
ਨੀਤ = ਸਦਾ ।
ਮਿਲਿ = ਮਿਲ ਕੇ ।
ਸਾਧ ਸੰਗਿ = ਸਾਧ ਸੰਗਤਿ ਵਿਚ ।
ਮੀਤ = ਹੇ ਮਿੱਤਰ !
    ।ਰਹਾਉ ।
    
Sahib Singh
ਸਲੋਕੁ:- ਹੇ ਨਾਨਕ! ਸਾਰੇ ਜਗਤ ਨੂੰ ਪੈਦਾ ਕਰਨ ਵਾਲਾ ਮਾਲਕ-ਪ੍ਰਭੂ ਜਲ ਵਿਚ ਧਰਤੀ ਵਿਚ ਤੇ ਆਕਾਸ਼ ਵਿਚ ਭਰਪੂਰ ਹੈ, ਉਹ ਇੱਕ ਅਕਾਲ ਪੁਰਖ ਅਨੇਕਾਂ ਹੀ ਤਰੀਕਿਆਂ ਨਾਲ (ਜਗਤ ਵਿਚ ਹਰ ਥਾਂ) ਖਿਲਰਿਆ ਹੋਇਆ ਹੈ ।੧ ।
ਪਉੜੀ:- (ਹੇ ਭਾਈ!) ਮੈਂ ਇੱਕ ਅਕਾਲ ਪੁਰਖ ਪ੍ਰਭੂ ਨੂੰ ਸਿਮਰ ਕੇ (ਉਸ ਅੱਗੇ ਹੀ) ਨਮਸਕਾਰ ਕਰਦਾ ਹਾਂ, ਮੈਂ ਗੋਬਿੰਦ ਗੋਪਾਲ ਪ੍ਰਭੂ ਦੇ ਗੁਣ (ਗਾਂਦਾ ਹਾਂ, ਤੇ ਉਸ) ਪ੍ਰਭੂ-ਪਾਤਿਸ਼ਾਹ ਦੀ ਸ਼ਰਨ ਪੈਂਦਾ ਹਾਂ ।
(ਹੇ ਭਾਈ!) ਜਿਸ ਮਾਲਕ-ਪ੍ਰਭੂ (ਦੇ ਹੁਕਮ) ਤੋਂ ਹੀ (ਜਗਤ ਵਿਚ) ਸਭ ਕੁਝ ਹੋ ਰਿਹਾ ਹੈ, ਉਸ ਦੀ ਆਸ ਰੱਖਿਆਂ ਸਾਰੇ ਸੁਖ ਆਨੰਦ ਮਿਲਦੇ ਹਨ ।
ਮੈਂ ਚੌਹਾਂ ਕੁਟਾਂ ਤੇ ਦਸੀਂ ਪਾਸੀਂ ਫਿਰ ਕੇ ਵੇਖ ਲਿਆ ਹੈ ਉਸ (ਮਾਲਕ-ਪ੍ਰਭੂ) ਤੋਂ ਬਿਨਾ ਹੋਰ ਕੋਈ (ਰਾਖਾ) ਨਹੀਂ ਹੈ ।
(ਹੇ ਭਾਈ!) ਵੇਦ ਪੁਰਾਣ ਸਿਮਿ੍ਰਤੀਆਂ (ਆਦਿਕ ਧਰਮ-ਪੁਸਤਕ) ਸੁਣ ਕੇ ਮੈਂ (ਹੋਰ ਭੀ) ਅਨੇਕਾਂ ਤਰੀਕਿਆਂ ਨਾਲ ਵਿਚਾਰ ਕਰਦਾ ਹਾਂ (ਤੇ ਇਸੇ ਨਤੀਜੇ ਤੇ ਪਹੁੰਚਦਾ ਹਾਂ ਕਿ) ਅਕਾਰ-ਰਹਿਤ ਪਰਮਾਤਮਾ ਹੀ (ਵਿਕਾਰਾਂ ਵਿਚ) ਡਿੱਗੇ ਹੋਏ ਜੀਵਾਂ ਨੂੰ (ਵਿਕਾਰਾਂ ਤੋਂ) ਬਚਾਣ ਵਾਲਾ ਹੈ (ਜੀਵਾਂ ਦੇ) ਸਾਰੇ ਡਰ ਦੂਰ ਕਰਨ ਵਾਲਾ ਹੈ ਤੇ ਸੁਖਾਂ ਦਾ ਸਮੁੰਦਰ ਹੈ ।
ਹੇ ਨਾਨਕ! (ਸਦਾ) ਪਰਮਾਤਮਾ ਦੇ ਗੁਣ ਗਾਂਦਾ ਰਹੁ, (ਉਸ ਪਾਸੋਂ) ਜੋ ਕੁਝ ਤੂੰ ਚਾਹੇਂਗਾ ਉਹੀ ਮਿਲ ਜਾਂਦਾ ਹੈ ।
ਉਹ ਪਰਮਾਤਮਾ ਹੀ ਸਭ ਦਾਤਾਂ ਦੇਣ ਵਾਲਾ ਹੈ, (ਸਭ ਜੀਵਾਂ ਵਿਚ ਵਿਆਪਕ ਹੋ ਕੇ ਸਾਰੇ ਪਦਾਰਥ) ਭੋਗਣ ਵਾਲਾ ਹੈ, ਸਭ ਕੁਝ ਦੇਣ ਦੀ ਸਮਰੱਥਾ ਵਾਲਾ ਹੈ, ਉਸ ਤੋਂ ਬਿਨਾ (ਜੀਵਾਂ ਵਾਸਤੇ) ਹੋਰ ਕੋਈ ਥਾਂ-ਆਸਰਾ ਨਹੀਂ ਹੈ ।੧ ।
ਹੇ ਮੇਰੇ ਮਿੱਤਰ! ਸਦਾ ਹੀ ਗੋਬਿੰਦ-ਪ੍ਰਭੂ ਦੀ ਸਿਫਤਿ-ਸਾਲਾਹ ਗਾਂਦੇ ਰਹਿਣਾ ਚਾਹੀਦਾ ਹੈ, ਸਾਧ ਸੰਗਤਿ ਵਿਚ ਮਿਲ ਕੇ (ਉਸ ਦਾ) ਭਜਨ-ਸਿਮਰਨ ਕਰਨਾ ਚਾਹੀਦਾ ਹੈ ।ਰਹਾਉ ।
Follow us on Twitter Facebook Tumblr Reddit Instagram Youtube