ਇਹੁ ਨਿਧਾਨੁ ਜਪੈ ਮਨਿ ਕੋਇ ॥
ਸਭ ਜੁਗ ਮਹਿ ਤਾ ਕੀ ਗਤਿ ਹੋਇ ॥
ਗੁਣ ਗੋਬਿੰਦ ਨਾਮ ਧੁਨਿ ਬਾਣੀ ॥
ਸਿਮ੍ਰਿਤਿ ਸਾਸਤ੍ਰ ਬੇਦ ਬਖਾਣੀ ॥
ਸਗਲ ਮਤਾਂਤ ਕੇਵਲ ਹਰਿ ਨਾਮ ॥
ਗੋਬਿੰਦ ਭਗਤ ਕੈ ਮਨਿ ਬਿਸ੍ਰਾਮ ॥
ਕੋਟਿ ਅਪ੍ਰਾਧ ਸਾਧਸੰਗਿ ਮਿਟੈ ॥
ਸੰਤ ਕ੍ਰਿਪਾ ਤੇ ਜਮ ਤੇ ਛੁਟੈ ॥
ਜਾ ਕੈ ਮਸਤਕਿ ਕਰਮ ਪ੍ਰਭਿ ਪਾਏ ॥
ਸਾਧ ਸਰਣਿ ਨਾਨਕ ਤੇ ਆਏ ॥੭॥

Sahib Singh
ਜੁਗ = {ਸ਼ਕਟ. ਯੁਗ} ਜ਼ਿੰਦਗੀ ਦਾ ਸਮਾ ।
ਗਤਿ = ਉੱਚੀ ਅਵਸਥਾ ।
ਬਾਣੀ = (ਨਾਮ ਜਪਣ ਵਾਲੇ ਦੀ) ਬਾਣੀ, ਬਚਨ ।
ਗੁਣ ਗੋਬਿੰਦ = ਗੋਬਿੰਦ ਦੇ ਗੁਣ ।
ਨਾਮ ਧੁਨਿ = ਪ੍ਰਭੂ ਦੇ ਨਾਮ ਦੀ ਧੁਨਿ, ਨਾਮ ਦੀ ਰੌ ।
ਬਖਾਣੀ = ਕਹੀ ਹੈ ।
ਮਤਾਂਤ = ਮਤਾਂ ਦਾ ਅੰਤ, ਮਤਾਂ ਦਾ ਸਿੱਟਾ ।
ਕਰਮ = ਬਖ਼ਸ਼ਸ਼ ।
ਪ੍ਰਭਿ = ਪ੍ਰਭੂ ਨੇ ।
ਕੋਇ = ਜੇ ਕੋਈ ਮਨੁੱਖ ।
    
Sahib Singh
ਜੇਹੜਾ ਭੀ ਮਨੁੱਖ ਇਸ ਨਾਮ ਨੂੰ (ਜੋ ਗੁਣਾਂ ਦਾ) ਖ਼ਜ਼ਾਨਾ ਹੈ ਜਪਦਾ ਹੈ, ਸਾਰੀ ਉਮਰ ਉਸ ਦੀ ਉੱਚੀ ਆਤਮਕ ਅਵਸਥਾ ਬਣੀ ਰਹਿੰਦੀ ਹੈ; ਉਸ ਮਨੁੱਖ ਦੇ (ਸਾਧਾਰਨ) ਬਚਨ ਭੀ ਗੋਬਿੰਦ ਦੇ ਗੁਣ ਤੇ ਨਾਮ ਦੀ ਰੌ ਹੀ ਹੁੰਦੇ ਹਨ, ਸਿਮਿ੍ਰਤੀਆਂ ਸ਼ਾਸਤ੍ਰਾਂ ਤੇ ਵੇਦਾਂ ਨੇ ਭੀ ਇਹੀ ਗੱਲ ਆਖੀ ਹੈ ।
ਸਾਰੇ ਮਤਾਂ ਦਾ ਨਿਚੋੜ ਪ੍ਰਭੂ ਦਾ ਨਾਮ ਹੀ ਹੈ, ਇਸ ਨਾਮ ਦਾ ਨਿਵਾਸ ਪ੍ਰਭੂ ਦੇ ਭਗਤ ਦੇ ਮਨ ਵਿਚ ਹੁੰਦਾ ਹੈ ।
(ਜੋ ਮਨੁੱਖ ਨਾਮ ਜਪਦਾ ਹੈ ਉਸ ਦੇ) ਕ੍ਰੋੜਾਂ ਪਾਪ ਸਤਸੰਗ ਵਿਚ ਰਹਿ ਕੇ ਮਿਟ ਜਾਂਦੇ ਹਨ, ਗੁਰੂ ਦੀ ਕਿਰਪਾ ਨਾਲ ਉਹ ਮਨੁੱਖ ਜਮਾਂ ਤੋਂ ਬਚ ਜਾਂਦਾ ਹੈ ।
(ਪਰ) ਹੇ ਨਾਨਕ! ਜਿਨ੍ਹਾਂ ਦੇ ਮੱਥੇ ਉਤੇ ਪ੍ਰਭੂ ਨੇ (ਨਾਮ ਦੀ) ਬਖ਼ਸ਼ਸ਼ ਦੇ ਲੇਖ ਲਿਖ ਧਰੇ ਹਨ, ਉਹ ਮਨੁੱਖ ਗੁਰੂ ਦੀ ਸਰਣ ਆਉਂਦੇ ਹਨ ।੭ ।
Follow us on Twitter Facebook Tumblr Reddit Instagram Youtube