ਪ੍ਰਭ ਕੀ ਉਸਤਤਿ ਕਰਹੁ ਸੰਤ ਮੀਤ ॥
ਸਾਵਧਾਨ ਏਕਾਗਰ ਚੀਤ ॥
ਸੁਖਮਨੀ ਸਹਜ ਗੋਬਿੰਦ ਗੁਨ ਨਾਮ ॥
ਜਿਸੁ ਮਨਿ ਬਸੈ ਸੁ ਹੋਤ ਨਿਧਾਨ ॥
ਸਰਬ ਇਛਾ ਤਾ ਕੀ ਪੂਰਨ ਹੋਇ ॥
ਪ੍ਰਧਾਨ ਪੁਰਖੁ ਪ੍ਰਗਟੁ ਸਭ ਲੋਇ ॥
ਸਭ ਤੇ ਊਚ ਪਾਏ ਅਸਥਾਨੁ ॥
ਬਹੁਰਿ ਨ ਹੋਵੈ ਆਵਨ ਜਾਨੁ ॥
ਹਰਿ ਧਨੁ ਖਾਟਿ ਚਲੈ ਜਨੁ ਸੋਇ ॥
ਨਾਨਕ ਜਿਸਹਿ ਪਰਾਪਤਿ ਹੋਇ ॥੫॥

Sahib Singh
ਸਾਵਧਾਨ = ਅਵਧਾਨ ਸਹਿਤ, ਧਿਆਨ ਨਾਲ ।
ਏਕਾਗਰ = ਇਕ ਨਿਸ਼ਾਨੇ ਤੇ ਟਿਕਿਆ ਹੋਇਆ ।
ਸਹਜ = ਅਡੋਲ ਅਵਸਥਾ ।
ਗੋਬਿੰਦ ਗੁਨ = ਪ੍ਰਭੂ ਦੇ ਗੁਣ ।
ਨਿਧਾਨ = (ਗੁਣਾਂ ਦਾ) ਖ਼ਜ਼ਾਨਾ ।
ਪ੍ਰਧਾਨ = ਸਭ ਤੋਂ ਵੱਡਾ, ਤੁਰਨੇ-ਸਿਰ ।
ਲੋਇ = ਲੋਕਿ, ਲੋਕ ਵਿਚ, ਜਗਤ ਵਿਚ ।
ਪ੍ਰਗਟੁ = ਪ੍ਰਸਿੱਧ, ਉੱਘਾ ।
ਆਵਨਜਾਨੁ = ਆਉਣਾ ਜਾਣਾ, ਜੰਮਣਾ ਮਰਨਾ ।
ਜਿਸਹਿ = ਜਿਸ ਨੂੰ ।
ਪਰਾਪਤਿ ਹੋਇ = ਮਿਲਦਾ ਹੈ, ਦਾਤਿ ਹੁੰਦੀ ਹੈ ।
    
Sahib Singh
ਹੇ ਸੰਤ ਮਿਤ੍ਰ! ਧਿਆਨ ਨਾਲ ਚਿੱਤ ਨੂੰ ਇਕ ਨਿਸ਼ਾਨੇ ਤੇ ਟਿਕਾ ਕੇ ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਕਰੋ ।
ਪ੍ਰਭੂ ਦੀ ਸਿਫ਼ਤਿ-ਸਾਲਾਹ ਤੇ ਪ੍ਰਭੂ ਦਾ ਨਾਮ ਅਡੋਲ ਅਵਸਥਾ (ਦਾ ਕਾਰਣ ਹੈ ਤੇ) ਸੁਖਾਂ ਦੀ ਮਣੀ (ਰਤਨ) ਹੈ, ਜਿਸ ਦੇ ਮਨ ਵਿਚ (ਨਾਮ) ਵੱਸਦਾ ਹੈ ਉਹ (ਗੁਣਾਂ ਦਾ) ਖ਼ਜ਼ਾਨਾ ਹੋ ਜਾਂਦਾ ਹੈ; ਉਸ ਮਨੁੱਖ ਦੀ ਇੱਛਿਆ ਸਾਰੀ ਪੂਰੀ ਹੋ ਜਾਂਦੀ ਹੈ, ਉਹ ਬੰਦਾ ਤੁਰਨੇ-ਸਿਰ ਹੋ ਜਾਂਦਾ ਹੈ, ਤੇ ਸਾਰੇ ਜਗਤ ਵਿਚ ਉੱਘਾ ਹੋ ਜਾਂਦਾ ਹੈ; ਉਸ ਨੂੰ ਉੱਚੇ ਤੋਂ ਉੱਚਾ ਟਿਕਾਣਾ ਮਿਲ ਜਾਂਦਾ ਹੈ, ਮੁੜ ਉਸ ਨੂੰ ਜਨਮ ਮਰਨ (ਦਾ ਗੇੜ) ਨਹੀਂ ਵਿਆਪਦਾ ।
ਹੇ ਨਾਨਕ! ਜਿਸ ਮਨੁੱਖ ਨੂੰ (ਧੁਰੋਂ) ਇਹ ਦਾਤਿ ਮਿਲਦੀ ਹੈ, ਉਹ ਮਨੁੱਖ ਪ੍ਰਭੂ ਦਾ ਨਾਮ ਰੂਪ ਧਨ ਖੱਟ ਕੇ (ਜਗਤ ਤੋਂ) ਜਾਂਦਾ ਹੈ ।੫ ।
Follow us on Twitter Facebook Tumblr Reddit Instagram Youtube