ਉਤਮ ਸਲੋਕ ਸਾਧ ਕੇ ਬਚਨ ॥
ਅਮੁਲੀਕ ਲਾਲ ਏਹਿ ਰਤਨ ॥
ਸੁਨਤ ਕਮਾਵਤ ਹੋਤ ਉਧਾਰ ॥
ਆਪਿ ਤਰੈ ਲੋਕਹ ਨਿਸਤਾਰ ॥
ਸਫਲ ਜੀਵਨੁ ਸਫਲੁ ਤਾ ਕਾ ਸੰਗੁ ॥
ਜਾ ਕੈ ਮਨਿ ਲਾਗਾ ਹਰਿ ਰੰਗੁ ॥
ਜੈ ਜੈ ਸਬਦੁ ਅਨਾਹਦੁ ਵਾਜੈ ॥
ਸੁਨਿ ਸੁਨਿ ਅਨਦ ਕਰੇ ਪ੍ਰਭੁ ਗਾਜੈ ॥
ਪ੍ਰਗਟੇ ਗੁਪਾਲ ਮਹਾਂਤ ਕੈ ਮਾਥੇ ॥
ਨਾਨਕ ਉਧਰੇ ਤਿਨ ਕੈ ਸਾਥੇ ॥੩॥

Sahib Singh
ਸਲੋਕ = ਸਿਫ਼ਤਿ = ਸਾਲਾਹ ਹੀ ਬਾਣੀ ।
ਏਹਿ = ਲਫ਼ਜ਼ 'ਏਹ' ਤੋਂ ‘ਬਹੁ-ਵਚਨ’ ਹੈ ।
ਅਮੁਲੀਕ = ਅਮੋਲਕ ।
ਲੋਕਹ ਨਿਸਤਾਰ = ਲੋਕਾਂ ਦਾ ਨਿਸਤਾਰਾ ।
ਸਫਲ = ਪੂਰੀਆਂ ਮੁਰਾਦਾਂ ਵਾਲਾ ।
ਹਰਿ ਰੰਗੁ = ਪ੍ਰਭੂ ਦਾ ਪਿਆਰ ।
ਜੈ ਜੈ ਸਬਦੁ = ਫ਼ਤਹ ਦੀ ਆਵਾਜ਼, ਚੜ੍ਹਦੀ ਕਲਾ ਦੀ ਰੌ ।
ਅਨਾਹਦੁ = ਇਕ = ਰਸ, ਸਦਾ ।
ਗਾਜੈ = ਗੱਜਦਾ ਹੈ, ਨੂਰ ਪਰਗਟ ਕਰਦਾ ਹੈ ।
ਮਹਾਂਤ = ਉੱਚੀ ਕਰਣੀ ਵਾਲਾ ਮਨੁੱਖ ।
    
Sahib Singh
ਸਾਧ (ਗੁਰੂ) ਦੇ ਬਚਨ ਸਭ ਤੋਂ ਚੰਗੀ ਸਿਫ਼ਤਿ-ਸਾਲਾਹ ਦੀ ਬਾਣੀ ਹਨ, ਇਹ ਅਮੋਲਕ ਲਾਲ ਹਨ, ਅਮੋਲਕ ਰਤਨ ਹਨ; (ਇਹਨਾਂ ਬਚਨਾਂ ਨੂੰ) ਸੁਣਿਆਂ ਤੇ ਕਮਾਇਆਂ ਬੇੜਾ ਪਾਰ ਹੁੰਦਾ ਹੈ, (ਜੋ ਕਮਾਉਂਦਾ ਹੈ) ਉਹ ਆਪ ਤਰਦਾ ਹੈ ਤੇ ਲੋਕਾਂ ਦਾ ਭੀ ਨਿਸਤਾਰਾ ਕਰਦਾ ਹੈ ।
ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦਾ ਪਿਆਰ ਬਣ ਜਾਂਦਾ ਹੈ, ਉਸ ਦੀ ਜ਼ਿੰਦਗੀ ਪੂਰੀਆਂ ਮੁਰਾਦਾਂ ਵਾਲੀ ਹੁੰਦੀ ਹੈਉਸ ਦੀ ਸੰਗਤਿ ਹੋਰਨਾਂ ਦੀਆਂ ਮੁਰਾਦਾਂ ਪੂਰੀਆਂ ਕਰਦੀ ਹੈ; (ਉਸ ਦੇ ਅੰਦਰ) ਚੜ੍ਹਦੀਆਂ ਕਲਾਂ ਦੀ ਰੌ ਸਦਾ ਚਲਦੀ ਹੈ ਜਿਸ ਨੂੰ ਸੁਣ ਕੇ (ਭਾਵ ਮਹਿਸੂਸ ਕਰ ਕੇ) ਉਹ ਖ਼ੁਸ਼ ਹੁੰਦਾ ਹੈ (ਕਿਉਂਕਿ) ਪ੍ਰਭੂ (ਉਸ ਦੇ ਅੰਦਰ) ਆਪਣਾ ਨੂਰ ਰੋਸ਼ਨ ਕਰਦਾ ਹੈ ।
ਗੋਪਾਲ ਪ੍ਰਭੂ ਜੀ ਉਚੀ ਕਰਨੀ ਵਾਲੇ ਬੰਦੇ ਦੇ ਮੱਥੇ ਉਤੇ ਪਰਗਟ ਹੁੰਦੇ ਹਨ, ਹੇ ਨਾਨਕ! ਅਜੇਹੇ ਬੰਦੇ ਦੇ ਨਾਲ ਹੋਰ ਕਈ ਮਨੁੱਖਾਂ ਦਾ ਬੇੜਾ ਪਾਰ ਹੁੰਦਾ ਹੈ ।੩ ।
Follow us on Twitter Facebook Tumblr Reddit Instagram Youtube