ਜਨੁ ਲਾਗਾ ਹਰਿ ਏਕੈ ਨਾਇ ॥
ਤਿਸ ਕੀ ਆਸ ਨ ਬਿਰਥੀ ਜਾਇ ॥
ਸੇਵਕ ਕਉ ਸੇਵਾ ਬਨਿ ਆਈ ॥
ਹੁਕਮੁ ਬੂਝਿ ਪਰਮ ਪਦੁ ਪਾਈ ॥
ਇਸ ਤੇ ਊਪਰਿ ਨਹੀ ਬੀਚਾਰੁ ॥
ਜਾ ਕੈ ਮਨਿ ਬਸਿਆ ਨਿਰੰਕਾਰੁ ॥
ਬੰਧਨ ਤੋਰਿ ਭਏ ਨਿਰਵੈਰ ॥
ਅਨਦਿਨੁ ਪੂਜਹਿ ਗੁਰ ਕੇ ਪੈਰ ॥
ਇਹ ਲੋਕ ਸੁਖੀਏ ਪਰਲੋਕ ਸੁਹੇਲੇ ॥
ਨਾਨਕ ਹਰਿ ਪ੍ਰਭਿ ਆਪਹਿ ਮੇਲੇ ॥੪॥

Sahib Singh
ਨਾਇ = ਨਾਮ ਵਿਚ ।
ਬੂਝਿ = ਸਮਝ ਕੇ ।
ਪਰਮ ਪਦੁ = ਉੱਚਾ ਦਰਜਾ ।
ਇਸ ਤੇ ਊਪਰਿ = ਇਸ ਤੋਂ ਉਤਾਂਹ, ਇਸ ਤੋਂ ਚੰਗੀ ।
ਜਾ ਕੇ ਮਨਿ = ਜਿਨ੍ਹਾਂ ਦੇ ਮਨ ਵਿਚ ।
ਆਪਹਿ = ਆਪ ਹੀ ।
    
Sahib Singh
(ਜੋ) ਸੇਵਕ ਇਕ ਪ੍ਰਭੂ ਦੇ ਨਾਮ ਵਿਚ ਟਿਕਿਆ ਹੋਇਆ ਹੈ, ਉਸ ਦੀ ਆਸ ਕਦੇ ਖ਼ਾਲੀ ਨਹੀਂ ਜਾਂਦੀ ।
ਸੇਵਕ ਨੂੰ ਇਹ ਫੱਬਦਾ ਹੈ ਕਿ ਸਭ ਦੀ ਸੇਵਾ ਕਰੇ ।
ਪ੍ਰਭੂ ਦੀ ਰਜ਼ਾ ਸਮਝ ਕੇ ਉਸ ਨੂੰ ਉੱਚਾ ਦਰਜਾ ਮਿਲਜਾਂਦਾ ਹੈ ।
ਜਿਨ੍ਹਾਂ ਦੇ ਮਨ ਵਿਚ ਅਕਾਲ ਪੁਰਖ ਵੱਸਦਾ ਹੈ, ਉਹਨਾਂ ਨੂੰ ਇਸ (ਨਾਮ ਸਿਮਰਨ) ਤੋਂ ਵੱਡਾ ਹੋਰ ਕੋਈ ਵਿਚਾਰ ਨਹੀਂ ਸੁੱਝਦਾ; (ਮਾਇਆ ਦੇ) ਬੰਧਨ ਤੋੜ ਕੇ ਉਹ ਨਿਰਵੈਰ ਹੋ ਜਾਂਦੇ ਹਨ ਤੇ ਹਰ ਵੇਲੇ ਸਤਿਗੁਰੂ ਦੇ ਚਰਨ ਪੂਜਦੇ ਹਨ; ਉਹ ਮਨੁੱਖ ਇਸ ਜਨਮ ਵਿਚ ਸੁਖੀ ਹਨ, ਤੇ ਪਰਲੋਕ ਵਿਚ ਭੀ ਸੌਖੇ ਹੁੰਦੇ ਹਨ (ਕਿਉਂਕਿ) ਹੇ ਨਾਨਕ! ਪ੍ਰਭੂ ਨੇ ਆਪ ਉਹਨਾਂ ਨੂੰ (ਆਪਣੇ ਨਾਲ) ਮਿਲਾ ਲਿਆ ਹੈ ।੪ ।
Follow us on Twitter Facebook Tumblr Reddit Instagram Youtube