ਅਸਟਪਦੀ ॥
ਆਪਿ ਕਥੈ ਆਪਿ ਸੁਨਨੈਹਾਰੁ ॥
ਆਪਹਿ ਏਕੁ ਆਪਿ ਬਿਸਥਾਰੁ ॥
ਜਾ ਤਿਸੁ ਭਾਵੈ ਤਾ ਸ੍ਰਿਸਟਿ ਉਪਾਏ ॥
ਆਪਨੈ ਭਾਣੈ ਲਏ ਸਮਾਏ ॥
ਤੁਮ ਤੇ ਭਿੰਨ ਨਹੀ ਕਿਛੁ ਹੋਇ ॥
ਆਪਨ ਸੂਤਿ ਸਭੁ ਜਗਤੁ ਪਰੋਇ ॥
ਜਾ ਕਉ ਪ੍ਰਭ ਜੀਉ ਆਪਿ ਬੁਝਾਏ ॥
ਸਚੁ ਨਾਮੁ ਸੋਈ ਜਨੁ ਪਾਏ ॥
ਸੋ ਸਮਦਰਸੀ ਤਤ ਕਾ ਬੇਤਾ ॥
ਨਾਨਕ ਸਗਲ ਸ੍ਰਿਸਟਿ ਕਾ ਜੇਤਾ ॥੧॥

Sahib Singh
ਕਥੈ = ਬੋਲਦਾ ਹੈ ।
ਸੁਨਨੈਹਾਰੁ = ਸੁਣਨ ਵਾਲਾ ।
ਆਪਹਿ = ਆਪ ਹੀ ।
ਬਿਸਥਾਰੁ = ਖਿਲਾਰਾ, ਪਸਾਰਾ ।
ਉਪਾਏ = ਪੈਦਾ ਕਰਦਾ ਹੈ ।
ਲਏ ਸਮਾਏ = ਸਮੇਟ ਲੈਂਦਾ ਹੈ ।
ਭਿੰਨ = ਵੱਖਰਾ ।
ਸੂਤਿ = ਧਾਗੇ ਵਿਚ ।
ਬੁਝਾਏ = ਸੂਝ ਦੇਂਦਾ ਹੈ ।
ਸਮਦਰਸੀ = ਸਭ ਨੂੰ ਇਕੋ ਨਜ਼ਰ ਨਾਲ ਤੱਕਣ ਵਾਲਾ ।
ਜੇਤਾ = ਜਿੱਤਣ ਵਾਲਾ ।
ਤਤ = ਅਸਲੀਅਤ ।
ਬੇਤਾ = ਜਾਣਨ ਵਾਲਾ ।
    
Sahib Singh
(ਸਭ ਜੀਵਾਂ ਵਿਚ) ਪ੍ਰਭੂ ਆਪ ਬੋਲ ਰਿਹਾ ਹੈ ਆਪ ਹੀ ਸੁਣਨ ਵਾਲਾ ਹੈ, ਆਪ ਹੀ ਇੱਕ ਹੈ (ਸਿ੍ਰਸ਼ਟੀ ਰਚਣ ਤੋਂ ਪਹਿਲਾਂ), ਤੇ ਆਪ ਹੀ (ਜਗਤ ਨੂੰ ਆਪਣੇ ਵਿਚ) ਸਮੇਟ ਲੈਂਦਾ ਹੈ ।
(ਹੇ ਪ੍ਰਭੂ!) ਤੈਥੋਂ ਵੱਖਰਾ ਕੁਝ ਨਹੀਂ ਹੈ, ਤੂੰ (ਆਪਣੇ ਹੁਕਮ-ਰੂਪ) ਧਾਗੇ ਵਿਚ ਸਾਰੇ ਜਗਤ ਨੂੰ ਪ੍ਰੋ ਰੱਖਿਆ ਹੈ ।
ਜਿਸ ਮਨੁੱਖ ਨੂੰ ਪ੍ਰਭੂ ਜੀ ਆਪ ਸੂਝ ਬਖ਼ਸ਼ਦੇ ਹਨ, ਉਹ ਮਨੁੱਖ ਪ੍ਰਭੂ ਦਾ ਸਦਾ-ਥਿਰ ਰਹਿਣ ਵਾਲਾ ਨਾਮ ਹਾਸਲ ਕਰ ਲੈਂਦਾ ਹੈ ।
ਉਹ ਮਨੁੱਖ ਸਭ ਵਲ ਇਕ ਨਜ਼ਰ ਨਾਲ ਤੱਕਦਾ ਹੈ, ਅਕਾਲ ਪੁਰਖ ਦਾ ਮਹਰਮ ਹੋ ਜਾਂਦਾ ਹੈ ।
ਹੇ ਨਾਨਕ! ਉਹ ਸਾਰੇ ਜਗਤ ਦਾ ਜਿੱਤਣ ਵਾਲਾ ਹੈ ।੧ ।
Follow us on Twitter Facebook Tumblr Reddit Instagram Youtube