ਅਸਟਪਦੀ ॥
ਜਬ ਅਕਾਰੁ ਇਹੁ ਕਛੁ ਨ ਦ੍ਰਿਸਟੇਤਾ ॥
ਪਾਪ ਪੁੰਨ ਤਬ ਕਹ ਤੇ ਹੋਤਾ ॥
ਜਬ ਧਾਰੀ ਆਪਨ ਸੁੰਨ ਸਮਾਧਿ ॥
ਤਬ ਬੈਰ ਬਿਰੋਧ ਕਿਸੁ ਸੰਗਿ ਕਮਾਤਿ ॥
ਜਬ ਇਸ ਕਾ ਬਰਨੁ ਚਿਹਨੁ ਨ ਜਾਪਤ ॥
ਤਬ ਹਰਖ ਸੋਗ ਕਹੁ ਕਿਸਹਿ ਬਿਆਪਤ ॥
ਜਬ ਆਪਨ ਆਪ ਆਪਿ ਪਾਰਬ੍ਰਹਮ ॥
ਤਬ ਮੋਹ ਕਹਾ ਕਿਸੁ ਹੋਵਤ ਭਰਮ ॥
ਆਪਨ ਖੇਲੁ ਆਪਿ ਵਰਤੀਜਾ ॥
ਨਾਨਕ ਕਰਨੈਹਾਰੁ ਨ ਦੂਜਾ ॥੧॥

Sahib Singh
ਅਕਾਰੁ = ਸਰੂਪ, ਸ਼ਕਲ ।
ਦਿ੍ਰਸਟੇਤਾ = ਦਿੱਸਦਾ ।
ਕਹ ਤੇ = ਕਿਸ (ਜੀਵ) ਤੋਂ ?
ਕਿਸੁ ਸੰਗਿ = ਕਿਸ ਦੇ ਨਾਲ ?
ਬਰਨੁ = ਵਰਣ, ਰੰਗ ।
ਚਿਹਨੁ = ਨਿਸ਼ਾਨ ।
ਨ ਜਾਪਤ = ਨਹੀਂ ਸੀ ਜਾਪਦਾ, ਨਹੀਂ ਸੀ ਦਿੱਸਦਾ ।
ਹਰਖ = ਖ਼ੁਸ਼ੀ ।
ਸੋਗ = ਚਿੰਤਾ ।
ਬਿਆਪਤ = ਪੋਹ ਸਕਦਾ ਸੀ ।
ਵਰਤੀਜਾ = ਵਰਤਾਇਆ ।
    
Sahib Singh
ਜਦੋਂ (ਜਗਤ ਦੇ ਜੀਆਂ ਦੀ ਅਜੇ) ਕੋਈ ਸ਼ਕਲ ਹੀ ਨਹੀਂ ਦਿੱਸਦੀ ਸੀ, ਤਦੋਂ ਪਾਪ ਜਾਂ ਪੁੰਨ ਕਿਸ (ਜੀਵ) ਤੋਂ ਹੋ ਸਕਦਾ ਸੀ ?
ਜਦੋਂ (ਪ੍ਰਭੂ ਨੇ) ਆਪ ਅਫੁਰ ਅਵਸਥਾ ਵਾਲੀ ਸਮਾਧੀ ਲਾਈ ਹੋਈ ਸੀ (ਭਾਵ ਜਦੋਂ ਆਪਣੇ ਆਪ ਵਿਚ ਹੀ ਮਸਤ ਸੀ) ਤਦੋਂ (ਕਿਸ ਨੇ) ਕਿਸੇ ਨਾਲ ਵੈਰ-ਵਿਰੋਧ ਕਮਾਉਣਾ ਸੀ ?
ਜਦੋਂ ਇਸ (ਜਗਤ) ਦਾ ਕੋਈ ਰੰਗ-ਰੂਪ ਹੀ ਨਹੀਂ ਸੀ ਦਿੱਸਦਾ, ਤਦੋਂ ਦੱਸੋ ਖ਼ੁਸ਼ੀ ਜਾਂ ਚਿੰਤਾ ਕਿਸ ਨੂੰ ਪੋਹ ਸਕਦੇ ਸਨ ?
ਜਦੋਂ ਅਕਾਲ ਪੁਰਖ ਕੇਵਲ ਆਪ ਹੀ ਆਪ ਸੀ, ਤਦੋਂ ਮੋਹ ਕਿਥੇ ਹੋ ਸਕਦਾ ਸੀ, ਤੇ ਭਰਮ-ਭੁਲੇਖੇ ਕਿਸ ਨੂੰ ਹੋ ਸਕਦੇ ਸਨ ?
ਹੇ ਨਾਨਕ! (ਜਗਤ ਰੂਪ) ਅਪਾਣੀ ਖੇਡ ਪ੍ਰਭੂ ਨੇ ਆਪ ਬਣਾਈ ਹੈ, (ਉਸ ਤੋਂ ਬਿਨਾ ਇਸ ਖੇਡ ਦਾ) ਬਨਾਉਣ ਵਾਲਾ ਕੋਈ ਹੋਰ ਨਹੀਂ ਹੈ ।੧ ।
Follow us on Twitter Facebook Tumblr Reddit Instagram Youtube