ਪ੍ਰਭ ਕੀ ਦ੍ਰਿਸਟਿ ਮਹਾ ਸੁਖੁ ਹੋਇ ॥
ਹਰਿ ਰਸੁ ਪਾਵੈ ਬਿਰਲਾ ਕੋਇ ॥
ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ॥
ਪੂਰਨ ਪੁਰਖ ਨਹੀ ਡੋਲਾਨੇ ॥
ਸੁਭਰ ਭਰੇ ਪ੍ਰੇਮ ਰਸ ਰੰਗਿ ॥
ਉਪਜੈ ਚਾਉ ਸਾਧ ਕੈ ਸੰਗਿ ॥
ਪਰੇ ਸਰਨਿ ਆਨ ਸਭ ਤਿਆਗਿ ॥
ਅੰਤਰਿ ਪ੍ਰਗਾਸ ਅਨਦਿਨੁ ਲਿਵ ਲਾਗਿ ॥
ਬਡਭਾਗੀ ਜਪਿਆ ਪ੍ਰਭੁ ਸੋਇ ॥
ਨਾਨਕ ਨਾਮਿ ਰਤੇ ਸੁਖੁ ਹੋਇ ॥੨॥

Sahib Singh
ਤਿ੍ਰਪਤਾਨੇ = ਰੱਜੇ ਹੋਏ, ਮਾਇਆ ਵਲੋਂ ਬੇ-ਪਰਵਾਹ ।
ਸੁਭਰ = ਨਕਾ = ਨਕ ।
ਪ੍ਰੇਮ ਰਸ ਰੰਗਿ = ਪ੍ਰੇਮ ਦੇ ਸੁਆਦ ਦੀ ਮੌਜ ਵਿਚ ।
ਆਨ = ਹੋਰ ।
ਤਿਆਗਿ = ਛੱਡ ਕੇ ।
ਪ੍ਰਗਾਸ = ਚਾਨਣ ।
ਅਨਦਿਨੁ = ਹਰ ਰੋਜ਼, ਹਰ ਵੇਲੇ ।
ਨਾਮਿ ਰਤੇ = ਨਾਮ ਵਿਚ ਰੰਗੇ ਹੋਏ ਨੂੰ ।
    
Sahib Singh
ਪ੍ਰਭੂ ਦੀ (ਮੇਹਰ ਦੀ) ਨਜ਼ਰ ਨਾਲ ਬੜਾ ਸੁਖ ਹੁੰਦਾ ਹੈ, (ਪਰ) ਕੋਈ ਵਿਰਲਾ ਮਨੁੱਖ ਪ੍ਰਭੂ ਦੇ ਨਾਮ ਦਾ ਸੁਆਦ ਚੱਖਦਾ ਹੈ ।
ਜਿਨ੍ਹਾਂ ਨੇ (ਨਾਮ-ਰਸ) ਚੱਖਿਆ ਹੈ, ਉਹ ਮਨੁੱਖ (ਮਾਇਆ ਵਲੋਂ) ਰੱਜ ਗਏ ਹਨ, ਉਹ ਪੂਰਨ ਮਨੁੱਖ ਬਣ ਗਏ ਹਨ, ਕਦੇ (ਮਾਇਆ ਦੇ ਲਾਹੇ ਘਾਟੇ ਵਿਚ) ਡੋਲਦੇ ਨਹੀਂ; ਪ੍ਰਭੂ ਦੇ ਪਿਆਰ ਦੇ ਸੁਆਦ ਦੀ ਮੌਜ ਵਿਚ ਉਹ ਨਕਾ-ਨਕ ਭਰੇ ਰਹਿੰਦੇ ਹਨ, ਸਾਧ ਜਨਾਂ ਦੀ ਸੰਗਤਿ ਵਿਚ ਰਹਿ ਕੇ (ਉਹਨਾਂ ਦੇ ਅੰਦਰ) (ਪ੍ਰਭੂ-ਮਿਲਾਪ ਦਾ) ਚਾਉ ਪੈਦਾ ਹੁੰਦਾ ਹੈ; ਹੋਰ ਸਾਰੇ (ਆਸਰੇ) ਛੱਡ ਕੇ ਉਹ ਪ੍ਰਭੂ ਦੀ ਸਰਨ ਪੈਂਦੇ ਹਨ, ਉਹਨਾਂ ਦੇ ਅੰਦਰ ਚਾਨਣ ਹੋ ਜਾਂਦਾ ਹੈ, ਤੇ ਹਰ ਵੇਲੇ ਉਹਨਾਂ ਦੀ ਲਿਵ (ਪ੍ਰਭੂ-ਚਰਨਾਂ ਵਿਚ) ਲੱਗੀ ਰਹਿੰਦੀ ਹੈ ।
ਵੱਡੇ ਭਾਗਾਂ ਵਾਲੇ ਬੰਦਿਆਂ ਨੇ ਪ੍ਰਭੂ ਨੂੰ ਸਿਮਰਿਆ ਹੈ ।
ਹੇ ਨਾਨਕ! ਪ੍ਰਭੂ ਦੇ ਨਾਮ ਵਿਚ ਰੱਤਿਆਂ ਸੁਖ ਹੁੰਦਾ ਹੈ ।੨ ।
Follow us on Twitter Facebook Tumblr Reddit Instagram Youtube