ਅਸਟਪਦੀ ॥
ਜਾਚਕ ਜਨੁ ਜਾਚੈ ਪ੍ਰਭ ਦਾਨੁ ॥
ਕਰਿ ਕਿਰਪਾ ਦੇਵਹੁ ਹਰਿ ਨਾਮੁ ॥
ਸਾਧ ਜਨਾ ਕੀ ਮਾਗਉ ਧੂਰਿ ॥
ਪਾਰਬ੍ਰਹਮ ਮੇਰੀ ਸਰਧਾ ਪੂਰਿ ॥
ਸਦਾ ਸਦਾ ਪ੍ਰਭ ਕੇ ਗੁਨ ਗਾਵਉ ॥
ਸਾਸਿ ਸਾਸਿ ਪ੍ਰਭ ਤੁਮਹਿ ਧਿਆਵਉ ॥
ਚਰਨ ਕਮਲ ਸਿਉ ਲਾਗੈ ਪ੍ਰੀਤਿ ॥
ਭਗਤਿ ਕਰਉ ਪ੍ਰਭ ਕੀ ਨਿਤ ਨੀਤਿ ॥
ਏਕ ਓਟ ਏਕੋ ਆਧਾਰੁ ॥
ਨਾਨਕੁ ਮਾਗੈ ਨਾਮੁ ਪ੍ਰਭ ਸਾਰੁ ॥੧॥

Sahib Singh
ਜਾਚਕ ਜਨੁ = ਮੰਗਤਾ ਮਨੁੱਖ ।
ਜਾਚੈ = ਮੰਗਦਾ ਹੈ ।
ਧੂਰਿ = ਧੂੜ ।
ਮਾਗਉ = ਮੈਂ ਮੰਗਦਾ ਹਾਂ ।
ਪਾਰਬ੍ਰਹਮ = ਹੇ ਪਾਰਬ੍ਰਹਮ !
ਸਰਧਾ = ਇੱਛਾ ।
ਪੂਰਿ = ਪੂਰੀ ਕਰ ।
ਗਾਵਉ = ਮੈਂ ਗਾਵਾਂ ।
ਨਿਤ ਨੀਤਿ = ਸਦਾ ਹੀ ।
ਨਾਨਕੁ ਮਾਗੈ = ਨਾਨਕ ਮੰਗਦਾ ਹੈ ।
ਨਾਮੁ ਪ੍ਰਭ ਸਾਰੁ = ਪ੍ਰਭ ਸਾਰੁ ਨਾਮੁ, ਪ੍ਰਭੂ ਦਾ ਸ੍ਰੇਸ਼ਟ ਨਾਮ ।
    
Sahib Singh
ਹੇ ਪ੍ਰਭੂ! (ਇਹ) ਮੰਗਤਾ ਦਾਸ (ਤੇਰੇ ਨਾਮ ਦਾ) ਦਾਨ ਮੰਗਦਾ ਹੈ; ਹੇ ਹਰੀ! ਕਿਰਪਾ ਕਰ ਕੇ (ਆਪਣਾ) ਨਾਮ ਦਿਹੁ ।
ਹੇ ਪਾਰਬ੍ਰਹਮ! ਮੇਰੀ ਇੱਛਾ ਪੂਰੀ ਕਰ, ਮੈਂ ਸਾਧੂ ਜਨਾਂ ਦੇ ਪੈਰਾਂ ਦੀ ਖ਼ਾਕ ਮੰਗਦਾ ਹਾਂ ।
ਮੈਂ ਸਦਾ ਹੀ ਪ੍ਰਭੂ ਦੇ ਗੁਣ ਗਾਵਾਂ ।
ਹੇ ਪ੍ਰਭੂ! ਮੈਂ ਦਮ-ਬ-ਦਮ ਤੈਨੂੰ ਹੀ ਸਿਮਰਾਂ ।
ਪ੍ਰਭੂ ਦੇ ਕਮਲ (ਵਰਗੇ ਸੋਹਣੇ) ਚਰਨਾਂ ਨਾਲ ਮੇਰੀ ਪ੍ਰੀਤਿ ਲੱਗੀ ਰਹੇ ਤੇ ਸਦਾ ਹੀ ਪ੍ਰਭੂ ਦੀ ਭਗਤੀ ਕਰਦਾ ਰਹਾਂ ।
(ਪ੍ਰਭੂ ਦਾ ਨਾਮ ਹੀ) ਇਕੋ ਮੇਰੀ ਓਟ ਹੈ ਤੇ ਇਕੋ ਆਸਰਾ ਹੈ, ਨਾਨਕ ਪ੍ਰਭੂ ਦਾ ਸ੍ਰੇਸ਼ਟ ਨਾਮ ਮੰਗਦਾ ਹੈ ।੧ ।
Follow us on Twitter Facebook Tumblr Reddit Instagram Youtube