ਗੁਨ ਗਾਵਤ ਤੇਰੀ ਉਤਰਸਿ ਮੈਲੁ ॥
ਬਿਨਸਿ ਜਾਇ ਹਉਮੈ ਬਿਖੁ ਫੈਲੁ ॥
ਹੋਹਿ ਅਚਿੰਤੁ ਬਸੈ ਸੁਖ ਨਾਲਿ ॥
ਸਾਸਿ ਗ੍ਰਾਸਿ ਹਰਿ ਨਾਮੁ ਸਮਾਲਿ ॥
ਛਾਡਿ ਸਿਆਨਪ ਸਗਲੀ ਮਨਾ ॥
ਸਾਧਸੰਗਿ ਪਾਵਹਿ ਸਚੁ ਧਨਾ ॥
ਹਰਿ ਪੂੰਜੀ ਸੰਚਿ ਕਰਹੁ ਬਿਉਹਾਰੁ ॥
ਈਹਾ ਸੁਖੁ ਦਰਗਹ ਜੈਕਾਰੁ ॥
ਸਰਬ ਨਿਰੰਤਰਿ ਏਕੋ ਦੇਖੁ ॥
ਕਹੁ ਨਾਨਕ ਜਾ ਕੈ ਮਸਤਕਿ ਲੇਖੁ ॥੭॥

Sahib Singh
ਬਿਖੁ = ਜ਼ਹਰ, ਵਿਹੁ ।
ਫੈਲੁ = ਖਿਲਾਰਾ, ਫੈਲਾਉ ।
ਅਚਿੰਤੁ = ਬੇ = ਫ਼ਿਕਰ ।
ਸਾਸਿ = ਸਾਹ ਦੇ ਨਾਲ ।
ਗ੍ਰਾਸਿ = ਗ੍ਰਾਹੀ ਦੇ ਨਾਲ ।
ਸਚੁ ਧਨਾ = ਸੱਚਾ ਧਨ, ਸਦਾ ਨਿਭਣ ਵਾਲਾ ਧਨ ।
ਸੰਚਿ = ਇਕੱਠੀ ਕਰ ।
ਬਿਉਹਾਰੁ = ਵਪਾਰ ।
ਈਹਾ = ਇਸ ਜਨਮ ਵਿਚ ।
ਜੈਕਾਰੁ = ਸਦਾ ਦੀ ਜਿੱਤ, ਜੀ-ਆਇਆਂ, ਆਦਰ ।
ਸਰਬ ਨਿਰੰਤਰਿ = ਸਭ ਦੇ ਅੰਦਰ ।
ਜਾ ਕੈ ਮਸਤਕਿ = ਜਿਸ ਦੇ ਮੱਥੇ ਤੇ ।
    
Sahib Singh
(ਹੇ ਭਾਈ!) ਪ੍ਰਭੂ ਦੇ ਗੁਣ ਗਾਉਂਦਿਆਂ ਤੇਰੀ (ਵਿਕਾਰਾਂ ਦੀ) ਮੈਲ ਉਤਰ ਜਾਏਗੀ, ਤੇ ਹਉਮੈ ਰੂਪੀ ਵਿਹੁ ਦਾ ਖਿਲਾਰਾ ਭੀ ਮਿਟ ਜਾਏਗਾ ।
ਦਮ-ਬ-ਦਮ ਪ੍ਰਭੂ ਦੇ ਨਾਮ ਨੂੰ ਯਾਦ ਕਰ, ਬੇਫ਼ਿਕਰ ਹੋ ਜਾਹਿˆਗਾ ਤੇ ਸੁਖੀ ਜੀਵਨ ਬਿਤੀਤ ਹੋਵੇਗਾ ।
ਹੇ ਮਨ! ਸਾਰੀ ਚਤੁਰਾਈ ਛੱਡ ਦੇਹ, ਸਦਾ ਨਾਲ ਨਿਭਣ ਵਾਲਾ ਧਨ ਸਤਸੰਗ ਵਿਚ ਮਿਲੇਗਾ ।
ਪ੍ਰਭੂ ਦੇ ਨਾਮ ਦੀ ਰਾਸ ਇਕੱਠੀ ਕਰ, ਇਹੀ ਵਿਹਾਰ ਕਰ ।
ਇਸ ਜੀਵਨ ਵਿਚ ਸੁਖ ਮਿਲੇਗਾ, ਤੇ, ਪ੍ਰਭੂ ਦੀ ਦਰਗਾਹ ਵਿਚ ਆਦਰ ਹੋਵੇਗਾ ।
ਸਭ ਜੀਵਾਂ ਦੇ ਅੰਦਰ ਇਕ ਅਕਾਲ ਪੁਰਖ ਨੂੰ ਹੀ ਵੇਖ, (ਪਰ) ਹੇ ਨਾਨਕ! ਆਖ—(ਇਹ ਕੰਮ ਓਹੀ ਮਨੁੱਖ ਕਰਦਾ ਹੈ) ਜਿਸ ਦੇ ਮੱਥੇ ਤੇ ਭਾਗ ਹਨ ।੭ ।
Follow us on Twitter Facebook Tumblr Reddit Instagram Youtube