ਮਨੁ ਪਰਬੋਧਹੁ ਹਰਿ ਕੈ ਨਾਇ ॥
ਦਹ ਦਿਸਿ ਧਾਵਤ ਆਵੈ ਠਾਇ ॥
ਤਾ ਕਉ ਬਿਘਨੁ ਨ ਲਾਗੈ ਕੋਇ ॥
ਜਾ ਕੈ ਰਿਦੈ ਬਸੈ ਹਰਿ ਸੋਇ ॥
ਕਲਿ ਤਾਤੀ ਠਾਂਢਾ ਹਰਿ ਨਾਉ ॥
ਸਿਮਰਿ ਸਿਮਰਿ ਸਦਾ ਸੁਖ ਪਾਉ ॥
ਭਉ ਬਿਨਸੈ ਪੂਰਨ ਹੋਇ ਆਸ ॥
ਭਗਤਿ ਭਾਇ ਆਤਮ ਪਰਗਾਸ ॥
ਤਿਤੁ ਘਰਿ ਜਾਇ ਬਸੈ ਅਬਿਨਾਸੀ ॥
ਕਹੁ ਨਾਨਕ ਕਾਟੀ ਜਮ ਫਾਸੀ ॥੩॥

Sahib Singh
ਪਰਬੋਧਹੁ = ਜਗਾਉ ।
ਨਾਇ = ਨਾਮ ਨਾਲ ।
ਦਹ ਦਿਸਿ = ਦਸੀਂ ਪਾਸੀਂ ।
ਧਾਵਤ = ਦੌੜਦਾ ।
ਠਾਇ = ਟਿਕਾਣੇ ਤੇ ।
ਤਾ ਕਉ = ਉਸ ਨੂੰ ।
ਬਿਘਨੁ = ਰੁਕਾਵਟ ।
ਤਾਤੀ = ਤੱਤੀ (ਅੱਗ) ।
ਠਾਢਾ = ਠੰਡਾ, ਸੀਤਲ ।
ਬਿਨਸੈ = ਨਾਸ ਹੋ ਜਾਂਦਾ ਹੈ ।
ਭਗਤਿ ਭਾਇ = ਭਗਤੀ ਦੇ ਨਾਲ, ਭਗਤੀ ਦੇ ਪਿਆਰ ਨਾਲ ।
ਤਿਤੁ ਘਰਿ = ਉਸ (ਹਿਰਦੇ) ਘਰ ਵਿਚ ।
    
Sahib Singh
(ਹੇ ਭਾਈ! ਆਪਣੇ) ਮਨ ਨੂੰ ਪ੍ਰਭੂ ਦੇ ਨਾਮ ਨਾਲ ਜਗਾਉ, (ਨਾਮ ਦੀ ਬਰਕਤਿ ਨਾਲ) ਦਸੀਂ ਪਾਸੀਂਦੌੜਦਾ (ਇਹ ਮਨ) ਟਿਕਾਣੇ ਆ ਜਾਂਦਾ ਹੈ ।
ਉਸ ਮਨੁੱਖ ਨੂੰ ਕੋਈ ਅੌਕੜ ਨਹੀਂ ਪੋਂਹਦੀ, ਜਿਸ ਦੇ ਹਿਰਦੇ ਵਿਚ ਉਹ ਪ੍ਰਭੂ ਵੱਸਦਾ ਹੈ ।
ਕਲਿਜੁਗ ਤੱਤੀ (ਅੱਗ) ਹੈ (ਭਾਵ, ਵਿਕਾਰ ਜੀਆਂ ਨੂੰ ਸਾੜ ਰਹੇ ਹਨ) ਪ੍ਰਭੂ ਦਾ ਨਾਮ ਠੰਢਾ ਹੈ, ਉਸ ਨੂੰ ਸਦਾ ਸਿਮਰੋ ਤੇ ਸੁਖ ਪਾਉ; (ਨਾਮ ਸਿਮਰਿਆਂ) ਡਰ ਉੱਡ ਜਾਂਦਾ ਹੈ, ਤੇ, ਆਸ ਪੁੱਗ ਜਾਂਦੀ ਹੈ (ਭਾਵ, ਨਾਹ ਹੀ ਮਨੁੱਖ ਆਸਾਂ ਬੰਨ੍ਹਦਾ ਫਿਰਦਾ ਹੈ ਤੇ ਨਾਹ ਹੀ ਉਹਨਾਂ ਆਸਾਂ ਦੇ ਟੁੱਟਣ ਦਾ ਕੋਈ ਡਰ ਹੁੰਦਾ ਹੈ) (ਕਿਉਂਕਿ) ਪ੍ਰਭੂ ਦੀ ਭਗਤੀ ਨਾਲ ਪਿਆਰ ਕੀਤਿਆਂ ਆਤਮਾ ਚਮਕ ਪੈਂਦਾ ਹੈ ।
(ਜੋ ਸਿਮਰਦਾ ਹੈ) ਉਸ ਦੇ (ਹਿਰਦੇ) ਘਰ ਵਿਚ ਅਬਿਨਾਸੀ ਪ੍ਰਭੂ ਆ ਵੱਸਦਾ ਹੈ ।
ਹੇ ਨਾਨਕ! ਆਖ (ਕਿ ਨਾਮ ਜਪਿਆਂ) ਜਮਾਂ ਦੀ ਫਾਹੀ ਕੱਟੀ ਜਾਂਦੀ ਹੈ ।੩ ।
Follow us on Twitter Facebook Tumblr Reddit Instagram Youtube