ਇਹੁ ਹਰਿ ਰਸੁ ਪਾਵੈ ਜਨੁ ਕੋਇ ॥
ਅੰਮ੍ਰਿਤੁ ਪੀਵੈ ਅਮਰੁ ਸੋ ਹੋਇ ॥
ਉਸੁ ਪੁਰਖ ਕਾ ਨਾਹੀ ਕਦੇ ਬਿਨਾਸ ॥
ਜਾ ਕੈ ਮਨਿ ਪ੍ਰਗਟੇ ਗੁਨਤਾਸ ॥
ਆਠ ਪਹਰ ਹਰਿ ਕਾ ਨਾਮੁ ਲੇਇ ॥
ਸਚੁ ਉਪਦੇਸੁ ਸੇਵਕ ਕਉ ਦੇਇ ॥
ਮੋਹ ਮਾਇਆ ਕੈ ਸੰਗਿ ਨ ਲੇਪੁ ॥
ਮਨ ਮਹਿ ਰਾਖੈ ਹਰਿ ਹਰਿ ਏਕੁ ॥
ਅੰਧਕਾਰ ਦੀਪਕ ਪਰਗਾਸੇ ॥
ਨਾਨਕ ਭਰਮ ਮੋਹ ਦੁਖ ਤਹ ਤੇ ਨਾਸੇ ॥੬॥

Sahib Singh
ਜਨੁ ਕੋਇ = ਕੋਈ ਵਿਰਲਾ ਮਨੁੱਖ ।
ਗੁਨਤਾਸ = ਗੁਣਾਂ ਦੇ ਖ਼ਜ਼ਾਨੇ ਪ੍ਰਭੂ ਜੀ ।
ਲੇਪੁ = ਲਗਾਉ, ਜੋੜ ।
ਅੰਧਕਾਰ = ਹਨੇਰਾ ।
ਤਹ ਤੇ = ਉਸ (ਮਨੁੱਖ) ਤੋਂ ।
    
Sahib Singh
ਕੋਈ ਵਿਰਲਾ ਮਨੁੱਖ ਪ੍ਰਭੂ ਦੇ ਨਾਮ ਦਾ ਸੁਆਦ ਮਾਣਦਾ ਹੈ, (ਤੇ ਜੋ ਮਾਣਦਾ ਹੈ) ਉਹ ਨਾਮ-ਅੰਮਿ੍ਰਤਪੀਂਦਾ ਹੈ, ਤੇ ਅਮਰ ਹੋ ਜਾਂਦਾ ਹੈ ।
ਜਿਸ ਦੇ ਮਨ ਵਿਚ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦਾ ਪ੍ਰਕਾਸ਼ ਹੁੰਦਾ ਹੈ, ਉਸ ਦਾ ਕਦੇ ਨਾਸ ਨਹੀਂ ਹੁੰਦਾ (ਭਾਵ, ਉਹ ਮੁੜ ਮੁੜ ਮੌਤ ਦਾ ਸ਼ਿਕਾਰ ਨਹੀਂ ਹੁੰਦਾ) ।
(ਸਤਿਗੁਰੂ) ਅੱਠੇ ਪਹਰ ਪ੍ਰਭੂ ਦਾ ਨਾਮ ਸਿਮਰਦਾ ਹੈ, ਤੇ ਆਪਣੇ ਸੇਵਕ ਨੂੰ ਭੀ ਇਹੀ ਸੱਚਾ ਉਪਦੇਸ ਦੇਂਦਾ ਹੈ ।
ਮਾਇਆ ਦੇ ਮੋਹ ਦੇ ਨਾਲ ਉਸ ਦਾ ਕਦੇ ਜੋੜ ਨਹੀਂ ਹੁੰਦਾ, ਉਹ ਸਦਾ ਆਪਣੇ ਮਨ ਵਿਚ ਇਕ ਪ੍ਰਭੂ ਨੂੰ ਟਿਕਾਉਂਦਾ ਹੈ ।
ਹੇ ਨਾਨਕ! (ਜਿਸ ਦੇ ਅੰਦਰੋਂ) (ਨਾਮ-ਰੂਪ) ਦੀਵੇ ਦੇ ਨਾਲ (ਅਗਿਆਨਤਾ ਦਾ) ਹਨੇਰਾ (ਹਟ ਕੇ) ਚਾਨਣ ਹੋ ਜਾਂਦਾ ਹੈ, ਉਸ ਦੇ ਭੁਲੇਖੇ ਤੇ ਮੋਹ ਦੇ (ਕਾਰਣ ਪੈਦਾ ਹੋਏ) ਦੁੱਖ ਦੂਰ ਹੋ ਜਾਂਦੇ ਹਨ ।੬ ।
Follow us on Twitter Facebook Tumblr Reddit Instagram Youtube