ਜਿਹਬਾ ਏਕ ਉਸਤਤਿ ਅਨੇਕ ॥
ਸਤਿ ਪੁਰਖ ਪੂਰਨ ਬਿਬੇਕ ॥
ਕਾਹੂ ਬੋਲ ਨ ਪਹੁਚਤ ਪ੍ਰਾਨੀ ॥
ਅਗਮ ਅਗੋਚਰ ਪ੍ਰਭ ਨਿਰਬਾਨੀ ॥
ਨਿਰਾਹਾਰ ਨਿਰਵੈਰ ਸੁਖਦਾਈ ॥
ਤਾ ਕੀ ਕੀਮਤਿ ਕਿਨੈ ਨ ਪਾਈ ॥
ਅਨਿਕ ਭਗਤ ਬੰਦਨ ਨਿਤ ਕਰਹਿ ॥
ਚਰਨ ਕਮਲ ਹਿਰਦੈ ਸਿਮਰਹਿ ॥
ਸਦ ਬਲਿਹਾਰੀ ਸਤਿਗੁਰ ਅਪਨੇ ॥
ਨਾਨਕ ਜਿਸੁ ਪ੍ਰਸਾਦਿ ਐਸਾ ਪ੍ਰਭੁ ਜਪਨੇ ॥੫॥

Sahib Singh
ਉਸਤਤਿ = ਵਡਿਆਈ, ਗੁਣ ।
ਬਿਬੇਕ = ਪਰਖ, ਵਿਚਾਰ ।
ਕਾਹੂ ਬੋਲ = ਕਿਸੇ ਗੱਲੇ ।
ਅਗੋਚਰ = ਜਿਸ ਤਕ ਸਰੀਰਕ ਇੰਦਿ੍ਰਆਂ ਦੀ ਪਹੁੰਚ ਨਹੀਂ ।
ਨਿਰਬਾਨੀ = ਵਾਸਨਾ = ਰਹਿਤ ।
ਨਿਰਾਹਾਰ = ਨਿਰ = ਆਹਾਰ, ਖ਼ੁਰਾਕ ਤੋਂ ਬਿਨਾ, ਜਿਸ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ ।
ਬੰਦਨ = ਨਮਸਕਾਰ, ਪ੍ਰਣਾਮ ।
ਜਿਸ ਪ੍ਰਸਾਦਿ = ਜਿਸ ਦੀ ਕਿਰਪਾ ਨਾਲ ।
    
Sahib Singh
(ਮਨੁੱਖ ਦੀ) ਜੀਭ ਇੱਕ ਹੈ, ਪਰ ਪੂਰਨ ਪੁਰਖ ਵਾਲੇ ਸਦਾ-ਥਿਰ ਵਿਆਪਕ ਪ੍ਰਭੂ ਦੇ ਅਨੇਕਾਂ ਗੁਣ ਹਨ; ਮਨੁੱਖ ਕਿਸੇ ਬੋਲ ਦੁਆਰਾ (ਪ੍ਰਭੂ ਦੇ ਗੁਣਾਂ ਤਕ) ਪਹੁੰਚ ਨਹੀਂ ਸਕਦਾ, ਪ੍ਰਭੂ ਪਹੁੰਚ ਤੋਂ ਪਰੇ ਹੈ, ਵਾਸਨਾ-ਰਹਿਤ ਹੈ, ਤੇ ਮਨੁੱਖ ਦੇ ਸਰੀਰਕ ਇੰਦਿ੍ਰਆਂ ਦੀ ਉਸ ਤਕ ਪਹੁੰਚ ਨਹੀਂ ।
ਅਕਾਲ ਪੁਰਖ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ, ਪ੍ਰਭੂ ਵੈਰ-ਰਹਿਤ ਹੈ (ਸਗੋਂ ਸਭ ਨੂੰ) ਸੁਖ ਦੇਣ ਵਾਲਾ ਹੈ, ਕੋਈ ਜੀਵ ਉਸ (ਦੇ ਗੁਣਾਂ) ਦਾ ਮੁੱਲ ਨਹੀਂ ਪਾ ਸਕਿਆ ।
ਅਨੇਕਾਂ ਭਗਤ ਸਦਾ (ਪ੍ਰਭੂ ਨੂੰ) ਨਮਸਕਾਰ ਕਰਦੇ ਹਨ, ਅਤੇ ਉਸ ਦੇ ਕਮਲਾਂ ਵਰਗੇ (ਸੋਹਣੇ) ਚਰਨਾਂ ਨੂੰ ਆਪਣੇ ਹਿਰਦੇ ਵਿਚ ਸਿਮਰਦੇ ਹਨ ।
ਹੇ ਨਾਨਕ! (ਆਖ—) ਜਿਸ ਗੁਰੂ ਦੀ ਮੇਹਰ ਨਾਲ ਐਸੇ ਪ੍ਰਭੂ ਨੂੰ ਜਪ ਸਕੀਦਾ ਹੈ, ਮੈਂ ਆਪਣੇ ਉਸ ਗੁਰੂ ਤੋਂ ਸਦਾ ਸਦਕੇ ਹਾਂ ।੫ ।
Follow us on Twitter Facebook Tumblr Reddit Instagram Youtube