ਬੀਸ ਬਿਸਵੇ ਗੁਰ ਕਾ ਮਨੁ ਮਾਨੈ ॥
ਸੋ ਸੇਵਕੁ ਪਰਮੇਸੁਰ ਕੀ ਗਤਿ ਜਾਨੈ ॥
ਸੋ ਸਤਿਗੁਰੁ ਜਿਸੁ ਰਿਦੈ ਹਰਿ ਨਾਉ ॥
ਅਨਿਕ ਬਾਰ ਗੁਰ ਕਉ ਬਲਿ ਜਾਉ ॥
ਸਰਬ ਨਿਧਾਨ ਜੀਅ ਕਾ ਦਾਤਾ ॥
ਆਠ ਪਹਰ ਪਾਰਬ੍ਰਹਮ ਰੰਗਿ ਰਾਤਾ ॥
ਬ੍ਰਹਮ ਮਹਿ ਜਨੁ ਜਨ ਮਹਿ ਪਾਰਬ੍ਰਹਮੁ ॥
ਏਕਹਿ ਆਪਿ ਨਹੀ ਕਛੁ ਭਰਮੁ ॥
ਸਹਸ ਸਿਆਨਪ ਲਇਆ ਨ ਜਾਈਐ ॥
ਨਾਨਕ ਐਸਾ ਗੁਰੁ ਬਡਭਾਗੀ ਪਾਈਐ ॥੩॥

Sahib Singh
ਬੀਸ ਬਿਸਵੇ = ਵੀਹ ਵਿਸਵੇ, ਪੂਰੇ ਤੌਰ ਤੇ ।
ਮਾਨੈ = ਪਤਿਆ ਲਏ, ਯਕੀਨ ਦਿਵਾ ਲਏ ।
ਅਨਿਕ ਬਾਰ = ਕਈ ਵਾਰੀ ।
ਨਿਧਾਨ = ਖ਼ਜ਼ਾਨੇ ।
ਜੀਅ = ਜਿੰਦ, ਆਤਮਕ ਜੀਵਨ ।
ਪਾਰਬ੍ਰਹਮ ਰੰਗਿ = ਪ੍ਰਭੂ ਦੇ ਪਿਆਰ ਵਿਚ ।
ਰਾਤਾ = ਰੱਤਾ ਹੋਇਆ, ਰੰਗਿਆ ਹੋਇਆ ।
ਜਨੁ = ਸੇਵਕ ।
ਭਰਮੁ = ਭੁਲੇਖਾ ।
ਸਹਸ = ਹਜ਼ਾਰਾਂ ।
    
Sahib Singh
ਜੋ ਸੇਵਕ ਆਪਣੇ ਸਤਿਗੁਰੂ ਨੂੰ ਆਪਣੀ ਸਰਧਾ ਦਾ ਪੂਰੇ ਤੌਰ ਤੇ ਯਕੀਨ ਦਿਵਾ ਲੈਂਦਾ ਹੈ, ਉਹ ਅਕਾਲ ਪੁਰਖ ਦੀ ਅਵਸਥਾ ਨੂੰ ਸਮਝ ਲੈਂਦਾ ਹੈ ।
ਸਤਿਗੁਰੂ (ਭੀ) ਉਹ ਹੈ ਜਿਸ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਵੱਸਦਾ ਹੈ, (ਮੈਂ ਐਸੇ) ਗੁਰੂ ਤੋਂ ਕਈ ਵਾਰੀ ਸਦਕੇ ਜਾਂਦਾ ਹਾਂ ।
(ਸਤਿਗੁਰੂ) ਸਾਰੇ ਖ਼ਜ਼ਾਨਿਆਂ ਦਾ ਤੇ ਆਤਮਕ ਜ਼ਿੰਦਗੀ ਦਾ ਦੇਣ ਵਾਲਾ ਹੈ, (ਕਿਉਂਕਿ) ਉਹ ਅੱਠੇ ਪਹਰ ਅਕਾਲ ਪੁਰਖ ਦੇ ਪਿਆਰ ਵਿਚ ਰੰਗਿਆ ਰਹਿੰਦਾ ਹੈ ।
(ਪ੍ਰਭੂ ਦਾ) ਸੇਵਕ-(ਸਤਿਗੁਰੂ) ਪ੍ਰਭੂ ਵਿਚ (ਜੁੜਿਆ ਰਹਿੰਦਾ ਹੈ) ਤੇ (ਪ੍ਰਭੂ ਦੇ) ਸੇਵਕ-ਸਤਿਗੁਰੂ ਵਿਚ ਪ੍ਰਭੂ (ਸਦਾ ਟਿਕਿਆ ਹੈ), ਗੁਰੂ ਤੇ ਪ੍ਰਭੂ ਇਕ-ਰੂਪ ਹਨ, ਇਸ ਵਿਚ ਭੁਲੇਖੇ ਵਾਲੀ ਗੱਲ ਨਹੀਂ ।
ਹੇ ਨਾਨਕ! ਹਜ਼ਾਰਾਂ ਚਤੁਰਾਈਆਂ ਨਾਲ ਅਜੇਹਾ ਗੁਰੂ ਮਿਲਦਾ ਨਹੀਂ, ਵੱਡੇ ਭਾਗਾਂ ਨਾਲ ਮਿਲਦਾ ਹੈ ।੩ ।
Follow us on Twitter Facebook Tumblr Reddit Instagram Youtube