ਗੁਰ ਕੈ ਗ੍ਰਿਹਿ ਸੇਵਕੁ ਜੋ ਰਹੈ ॥
ਗੁਰ ਕੀ ਆਗਿਆ ਮਨ ਮਹਿ ਸਹੈ ॥
ਆਪਸ ਕਉ ਕਰਿ ਕਛੁ ਨ ਜਨਾਵੈ ॥
ਹਰਿ ਹਰਿ ਨਾਮੁ ਰਿਦੈ ਸਦ ਧਿਆਵੈ ॥
ਮਨੁ ਬੇਚੈ ਸਤਿਗੁਰ ਕੈ ਪਾਸਿ ॥
ਤਿਸੁ ਸੇਵਕ ਕੇ ਕਾਰਜ ਰਾਸਿ ॥
ਸੇਵਾ ਕਰਤ ਹੋਇ ਨਿਹਕਾਮੀ ॥
ਤਿਸ ਕਉ ਹੋਤ ਪਰਾਪਤਿ ਸੁਆਮੀ ॥
ਅਪਨੀ ਕ੍ਰਿਪਾ ਜਿਸੁ ਆਪਿ ਕਰੇਇ ॥
ਨਾਨਕ ਸੋ ਸੇਵਕੁ ਗੁਰ ਕੀ ਮਤਿ ਲੇਇ ॥੨॥

Sahib Singh
ਗਿ੍ਰਹਿ = ਘਰ ਵਿਚ ।
ਗੁਰ ਕੈ ਗਿ੍ਰਹਿ = ਗੁਰੂ ਦੇ ਘਰ ਵਿਚ ।
ਸਹੈ = ਸਹਾਰਦਾ ਹੈ ।
ਆਪਸ ਕਉ = ਆਪਣੇ ਆਪ ਨੂੰ ।
ਜਨਾਵੈ = ਜਣਾਉਂਦਾ, ਜਤਾਉਂਦਾ ।
ਰਾਸਿ = ਸਫਲ, ਸਿੱਧ ।
ਨਿਹਕਾਮੀ = ਕਾਮਨਾ = ਰਹਿਤ, ਫਲ ਦੀ ਇੱਛਾ ਨਾਹ ਰੱਖਣ ਵਾਲਾ ।
ਸੁਆਮੀ = ਮਾਲਿਕ, ਪ੍ਰਭੂ ।
    
Sahib Singh
ਜੇਹੜਾ ਸੇਵਕ (ਸਿੱਖਿਆ ਦੀ ਖ਼ਾਤਰ) ਗੁਰੂ ਦੇ ਘਰ ਵਿਚ (ਭਾਵ ਗੁਰੂ ਦੇ ਦਰ ਤੇ) ਰਹਿੰਦਾ ਹੈ, ਤੇ ਗੁਰੂ ਦਾ ਹੁਕਮ ਮਨ ਵਿਚ ਮੰਨਦਾ ਹੈ; ਜੋ ਆਪਣੇ ਆਪ ਨੂੰ ਵੱਡਾ ਨਹੀਂ ਜਤਾਉਂਦਾ, ਪ੍ਰਭੂ ਦਾ ਨਾਮ ਸਦਾ ਹਿਰਦੇ ਵਿਚ ਧਿਆਉਂਦਾ ਹੈ; ਜੋ ਆਪਣਾ ਮਨ ਸਤਿਗੁਰੂ ਅੱਗੇ ਵੇਚ ਦੇਂਦਾ ਹੈ (ਭਾਵ ਗੁਰੂ ਦੇ ਹਵਾਲੇ ਕਰ ਦੇਂਦਾ ਹੈ) ਉਸ ਸੇਵਕ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ ।
ਜੋ ਸੇਵਕ (ਗੁਰੂ ਦੀ) ਸੇਵਾ ਕਰਦਾ ਹੋਇਆ ਕਿਸੇ ਫਲ ਦੀ ਖ਼ਾਹਸ਼ ਨਹੀਂ ਰੱਖਦਾ, ਉਸ ਨੂੰ ਮਾਲਿਕ ਪ੍ਰਭੂ ਮਿਲ ਪੈਂਦਾ ਹੈ ।
ਹੇ ਨਾਨਕ! ਉਹ ਸੇਵਕ ਸਤਿਗੁਰੂ ਦੀ ਸਿੱਖਿਆ ਲੈਂਦਾ ਹੈ ਜਿਸ ਤੇ (ਪ੍ਰਭੂ ਆਪਣੀ ਮੇਹਰ ਕਰਦਾ ਹੈ ।੨ ।
Follow us on Twitter Facebook Tumblr Reddit Instagram Youtube