ਬੋਲਹੁ ਜਸੁ ਜਿਹਬਾ ਦਿਨੁ ਰਾਤਿ ॥
ਪ੍ਰਭਿ ਅਪਨੈ ਜਨ ਕੀਨੀ ਦਾਤਿ ॥
ਕਰਹਿ ਭਗਤਿ ਆਤਮ ਕੈ ਚਾਇ ॥
ਪ੍ਰਭ ਅਪਨੇ ਸਿਉ ਰਹਹਿ ਸਮਾਇ ॥
ਜੋ ਹੋਆ ਹੋਵਤ ਸੋ ਜਾਨੈ ॥
ਪ੍ਰਭ ਅਪਨੇ ਕਾ ਹੁਕਮੁ ਪਛਾਨੈ ॥
ਤਿਸ ਕੀ ਮਹਿਮਾ ਕਉਨ ਬਖਾਨਉ ॥
ਤਿਸ ਕਾ ਗੁਨੁ ਕਹਿ ਏਕ ਨ ਜਾਨਉ ॥
ਆਠ ਪਹਰ ਪ੍ਰਭ ਬਸਹਿ ਹਜੂਰੇ ॥
ਕਹੁ ਨਾਨਕ ਸੇਈ ਜਨ ਪੂਰੇ ॥੭॥

Sahib Singh
ਜਿਹਬਾ = ਜੀਭ ਨਾਲ ।
ਜਸੁ = ਵਡਿਆਈ ।
ਪ੍ਰਭਿ = ਪ੍ਰਭੂ ਨੇ ।
ਅਪਨੈ ਜਨ = ਆਪਣੇ ਸੇਵਕਾਂ ਨੂੰ ।
ਕੀਨੀ = ਕੀਤੀ ਹੈ ।
ਕਰਹਿ = ਕਰਦੇ ਹਨ ।
ਚਾਇ = ਚਾਉ ਨਾਲ, ਉਤਸ਼ਾਹ ਨਾਲ ।
ਸਿਉ = ਨਾਲ ।
ਮਹਿਮਾ = ਵਡਿਆਈ ।
ਬਖਾਨਉ = ਮੈਂ ਦੱਸਾਂ ।
ਕਹਿ ਨ ਜਾਨਉ = ਆਖਣਾ ਨਹੀਂ ਜਾਣਦਾ ।
ਬਸਹਿ = ਵੱਸਦੇ ਹਨ ।
    
Sahib Singh
(ਹੇ ਭਾਈ!) ਦਿਨ ਰਾਤ ਆਪਣੀ ਜੀਭ ਨਾਲ ਪ੍ਰਭੂ ਦੇ ਗੁਣ ਗਾਵੋ, ਸਿਫ਼ਿਤ-ਸਾਲਾਹ ਦੀ ਇਹ ਬਖ਼ਸ਼ਸ਼ ਪ੍ਰਭੂ ਨੇ ਆਪਣੇ ਸੇਵਕਾਂ ਨੂੰ (ਹੀ) ਕੀਤੀ ਹੈ; (ਸੇਵਕ) ਅੰਦਰਲੇ ਉਤਸ਼ਾਹ ਨਾਲ ਭਗਤੀ ਕਰਦੇ ਹਨ ਤੇ ਆਪਣੇ ਪ੍ਰਭੂ ਨਾਲ ਜੁੜੇ ਰਹਿੰਦੇ ਹਨ ।
(ਸੇਵਕ) ਆਪਣੇ ਪ੍ਰਭੂ ਦਾ ਹੁਕਮ ਪਛਾਣ ਲੈਂਦਾ ਹੈ, ਤੇ, ਜੋ ਕੁਝ ਹੋ ਰਿਹਾ ਹੈ, ਉਸ ਨੂੰ (ਰਜ਼ਾ ਵਿਚ) ਜਾਣਦਾ ਹੈ; ਇਹੋ ਜਿਹੇ ਸੇਵਕ ਦੀ ਕੇਹੜੀ ਵਡਿਆਈ ਮੈਂ ਦੱਸਾਂ ?
ਮੈਂ ਉਸ ਸੇਵਕ ਦਾ ਇਕ ਗੁਣ ਬਿਆਨ ਕਰਨਾ ਭੀ ਨਹੀਂ ਜਾਣਦਾ ।
ਹੇ ਨਾਨਕ! ਆਖ—ਉਹ ਮਨੁੱਖ ਪੂਰੇ ਭਾਂਡੇ ਹਨ ਜੋ ਅੱਠੇ ਪਹਰ ਪ੍ਰਭੂ ਦੀ ਹਜ਼ੂਰੀ ਵਿਚ ਵੱਸਦੇ ਹਨ ।੭ ।
Follow us on Twitter Facebook Tumblr Reddit Instagram Youtube