ਠਾਕੁਰ ਕਾ ਸੇਵਕੁ ਆਗਿਆਕਾਰੀ ॥
ਠਾਕੁਰ ਕਾ ਸੇਵਕੁ ਸਦਾ ਪੂਜਾਰੀ ॥
ਠਾਕੁਰ ਕੇ ਸੇਵਕ ਕੈ ਮਨਿ ਪਰਤੀਤਿ ॥
ਠਾਕੁਰ ਕੇ ਸੇਵਕ ਕੀ ਨਿਰਮਲ ਰੀਤਿ ॥
ਠਾਕੁਰ ਕਉ ਸੇਵਕੁ ਜਾਨੈ ਸੰਗਿ ॥
ਪ੍ਰਭ ਕਾ ਸੇਵਕੁ ਨਾਮ ਕੈ ਰੰਗਿ ॥
ਸੇਵਕ ਕਉ ਪ੍ਰਭ ਪਾਲਨਹਾਰਾ ॥
ਸੇਵਕ ਕੀ ਰਾਖੈ ਨਿਰੰਕਾਰਾ ॥
ਸੋ ਸੇਵਕੁ ਜਿਸੁ ਦਇਆ ਪ੍ਰਭੁ ਧਾਰੈ ॥
ਨਾਨਕ ਸੋ ਸੇਵਕੁ ਸਾਸਿ ਸਾਸਿ ਸਮਾਰੈ ॥੩॥

Sahib Singh
ਆਗਿਆਕਾਰੀ = ਹੁਕਮ ਮੰਨਣ ਵਾਲਾ ।
ਪੂਜਾਰੀ = ਪੂਜਾ ਕਰਨ ਵਾਲਾ ।
ਸੇਵਕ ਕੈ ਮਨਿ = ਸੇਵਕ ਦੇ ਮਨ ਵਿਚ ।
ਪਰਤੀਤਿ = ਸਰਧਾ, ਸਿਦਕ ।
ਰੀਤਿ = ਰਹੁ = ਰੀਤ, ਜ਼ਿੰਦਗੀ ਨਿਬਾਹੁਣ ਦਾ ਤਰੀਕਾ ।
ਕਉ = ਨੂੰ ।
ਸੰਗਿ = (ਆਪਣੇ) ਨਾਲ ।
ਰੰਗਿ = ਪਿਆਰ ਵਿਚ, ਮੌਜ ਵਿਚ ।
ਰਾਖੈ = (ਇੱਜ਼ਤ) ਰੱਖਦਾ ਹੈ ।
ਸਾਸਿ ਸਾਸਿ = ਹਰੇਕ ਸਾਹ ਦੇ ਨਾਲ, ਦਮ-ਬ-ਦਮ ।
ਸਮਾਰੈ = ਯਾਦ ਕਰਦਾ ਹੈ ।
    
Sahib Singh
ਪ੍ਰਭੂ ਦਾ ਸੇਵਕ ਪ੍ਰਭੂ ਦੇ ਹੁਕਮ ਵਿਚ ਤੁਰਦਾ ਹੈ ਤੇ ਸਦਾ ਉਸ ਦੀ ਪੂਜਾ ਕਰਦਾ ਹੈ ।
ਅਕਾਲ ਪੁਰਖ ਦੇ ਸੇਵਕ ਦੇ ਮਨ ਵਿਚ (ਉਸ ਦੀ ਹਸਤੀ ਦਾ) ਵਿਸ਼ਵਾਸ ਰਹਿੰਦਾ ਹੈ, (ਤਾਹੀਏਂ) ਉਸ ਦੀ ਜ਼ਿੰਦਗੀ ਦੀ ਸੁੱਚੀ ਮਰਯਾਦਾ ਹੁੰਦੀ ਹੈ ।
ਸੇਵਕ ਆਪਣੇ ਮਾਲਕ-ਪ੍ਰਭੂ ਨੂੰ (ਹਰ ਵੇਲੇ ਆਪਣੇ) ਨਾਲ ਜਾਣਦਾ ਹੈ ਅਤੇ ਉਸ ਦੇ ਨਾਮ ਦੀ ਮੌਜ ਵਿਚ ਰਹਿੰਦਾ ਹੈ ।
ਪ੍ਰਭੂ ਆਪਣੇ ਸੇਵਕ ਨੂੰ ਸਦਾ ਪਾਲਣ ਦੇ ਸਮਰੱਥ ਹੈ, ਤੇ ਆਪਣੇ ਸੇਵਕ ਦੀ (ਸਦਾ) ਲਾਜ ਰੱਖਦਾ ਹੈ ।
(ਪਰ) ਸੇਵਕ ਉਹੀ ਮਨੁੱਖ (ਬਣ ਸਕਦਾ) ਹੈ ਜਿਸ ਤੇ ਪ੍ਰਭੂ ਆਪ ਮੇਹਰ ਕਰਦਾ ਹੈ; ਹੇ ਨਾਨਕ! ਅਜੇਹਾ ਸੇਵਕ ਪ੍ਰਭੂ ਨੂੰ ਦਮ-ਬ-ਦਮ ਯਾਦ ਰੱਖਦਾ ਹੈ ।੩ ।
Follow us on Twitter Facebook Tumblr Reddit Instagram Youtube