ਅਸਟਪਦੀ ॥
ਚਰਨ ਸਤਿ ਸਤਿ ਪਰਸਨਹਾਰ ॥
ਪੂਜਾ ਸਤਿ ਸਤਿ ਸੇਵਦਾਰ ॥
ਦਰਸਨੁ ਸਤਿ ਸਤਿ ਪੇਖਨਹਾਰ ॥
ਨਾਮੁ ਸਤਿ ਸਤਿ ਧਿਆਵਨਹਾਰ ॥
ਆਪਿ ਸਤਿ ਸਤਿ ਸਭ ਧਾਰੀ ॥
ਆਪੇ ਗੁਣ ਆਪੇ ਗੁਣਕਾਰੀ ॥
ਸਬਦੁ ਸਤਿ ਸਤਿ ਪ੍ਰਭੁ ਬਕਤਾ ॥
ਸੁਰਤਿ ਸਤਿ ਸਤਿ ਜਸੁ ਸੁਨਤਾ ॥
ਬੁਝਨਹਾਰ ਕਉ ਸਤਿ ਸਭ ਹੋਇ ॥
ਨਾਨਕ ਸਤਿ ਸਤਿ ਪ੍ਰਭੁ ਸੋਇ ॥੧॥

Sahib Singh
ਸਤਿ = ਸਦਾ = ਥਿਰ ਰਹਿਣ ਵਾਲੇ, ਅਟੱਲ ।
ਪਰਸਨਹਾਰ = (ਚਰਨਾਂ ਨੂੰ) ਛੋਹਣ ਵਾਲੇ ।
ਸੇਵਦਾਰ = ਸੇਵਾ ਕਰਨ ਵਾਲੇ, ਪੂਜਾ ਕਰਨ ਵਾਲੇ ।
ਪੇਖਨਹਾਰ = ਵੇਖਣ ਵਾਲੇ ।
ਸਭ = ਸਾਰੀ ਸਿ੍ਰਸ਼ਟੀ ।
ਧਾਰੀ = ਟਿਕਾਈ ਹੋਈ ।
ਗੁਣਕਾਰੀ = ਗੁਣ ਪੈਦਾ ਕਰਨ ਵਾਲਾ ।
ਬਕਤਾ = ਉੱਚਾਰਨ ਵਾਲਾ, ਆਖਣ ਵਾਲਾ ।
ਸੁਰਤਿ = ਧਿਆਨ ।
ਜਸੁ = ਸਿਫ਼ਤਿ ।
    
Sahib Singh
ਪ੍ਰਭੂ ਦੇ ਚਰਨ ਸਦਾ-ਥਿਰ ਹਨ, ਚਰਨਾਂ ਨੂੰ ਛੋਹਣ ਵਾਲੇ ਸੇਵਕ ਭੀ ਅਟੱਲ ਹੋ ਜਾਂਦੇ ਹਨ; ਪ੍ਰਭੂ ਦੀ ਪੂਜਾ ਇਕ ਸਦਾ ਨਿਭਣ ਵਾਲਾ ਕੰਮ ਹੈ, (ਸੋ) ਪੂਜਾ ਕਰਨ ਵਾਲੇ ਸਦਾ ਲਈ ਅਟੱਲ ਹੋ ਜਾਂਦੇ ਹਨ ।
ਪ੍ਰਭੂ ਦਾ ਦੀਦਾਰ ਸਤਿ-(ਕਰਮ) ਹੈ, ਦੀਦਾਰ ਕਰਨ ਵਾਲੇ ਭੀ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ; ਪ੍ਰਭੂ ਦਾ ਨਾਮ ਸਦਾ ਅਟੱਲ ਹੈ, ਸਿਮਰਨ ਵਾਲੇ ਭੀ ਥਿਰ ਹਨ ।
ਪ੍ਰਭੂ ਆਪ ਸਦਾ ਹੋਂਦ ਵਾਲਾ ਹੈ, ਉਸ ਦੀ ਟਿਕਾਈ ਹੋਈ ਰਚਨਾ ਭੀ ਹੋਂਦ ਵਾਲੀ ਹੈ; ਪ੍ਰਭੂ ਆਪ ਗੁਣ (-ਰੂਪ) ਹੈ, ਆਪ ਹੀ ਗੁਣ ਪੈਦਾ ਕਰਨ ਵਾਲਾ ਹੈ ।
(ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ) ਸ਼ਬਦ ਸਦਾ ਕਾਇਮ ਹੈ, ਸ਼ਬਦ ਨੂੰ ਉੱਚਾਰਨ ਵਾਲਾ ਵੀ ਥਿਰ ਹੋ ਜਾਂਦਾ ਹੈ, ਪ੍ਰਭੂ ਵਿਚ ਸੁਰਤਿ ਜੋੜਨੀ ਸਤਿ (-ਕਰਮ ਹੈ) ਪ੍ਰਭੂ ਦਾ ਜਸ ਸੁਣਨ ਵਾਲਾ ਭੀ ਸਤਿ ਹੈ ।
(ਪ੍ਰਭੂ ਦੀ ਹੋਂਦ) ਸਮਝਣ ਵਾਲੇ ਨੂੰ ਉਸ ਦਾ ਰਚਿਆ ਜਗਤ ਭੀ ਹਸਤੀ ਵਾਲਾ ਦਿੱਸਦਾ ਹੈ (ਭਾਵ, ਮਿਥਿਆ ਨਹੀਂ ਭਾਸਦਾ); ਹੇ ਨਾਨਕ! ਪ੍ਰਭੂ ਆਪ ਸਦਾ ਹੀ ਥਿਰ ਰਹਿਣ ਵਾਲਾ ਹੈ ।੧ ।
Follow us on Twitter Facebook Tumblr Reddit Instagram Youtube