ਮਨਸਾ ਪੂਰਨ ਸਰਨਾ ਜੋਗ ॥
ਜੋ ਕਰਿ ਪਾਇਆ ਸੋਈ ਹੋਗੁ ॥
ਹਰਨ ਭਰਨ ਜਾ ਕਾ ਨੇਤ੍ਰ ਫੋਰੁ ॥
ਤਿਸ ਕਾ ਮੰਤ੍ਰੁ ਨ ਜਾਨੈ ਹੋਰੁ ॥
ਅਨਦ ਰੂਪ ਮੰਗਲ ਸਦ ਜਾ ਕੈ ॥
ਸਰਬ ਥੋਕ ਸੁਨੀਅਹਿ ਘਰਿ ਤਾ ਕੈ ॥
ਰਾਜ ਮਹਿ ਰਾਜੁ ਜੋਗ ਮਹਿ ਜੋਗੀ ॥
ਤਪ ਮਹਿ ਤਪੀਸਰੁ ਗ੍ਰਿਹਸਤ ਮਹਿ ਭੋਗੀ ॥
ਧਿਆਇ ਧਿਆਇ ਭਗਤਹ ਸੁਖੁ ਪਾਇਆ ॥
ਨਾਨਕ ਤਿਸੁ ਪੁਰਖ ਕਾ ਕਿਨੈ ਅੰਤੁ ਨ ਪਾਇਆ ॥੨॥

Sahib Singh
ਮਨਸਾ = ਮਨ ਦਾ ਫੁਰਨਾ, ਖ਼ਾਹਸ਼ ।
ਸਰਨਾ ਜੋਗ = ਸਰਨ ਦੇਣ ਜੋਗਾ, ਸਰਨ ਆਏ ਦੀ ਸਹਾਇਤਾ ਕਰਨ ਦੇ ਲਾਇਕ ।
ਕਰਿ = ਹੱਥ ਤੇ, ਜੀਵ ਦੇ ਹੱਥ ਤੇ ।
ਪਾਇਆ = ਪਾ ਦਿੱਤਾ ਹੈ, ਲਿਖ ਦਿੱਤਾ ਹੈ ।
ਹੋਗੁ = ਹੋਵੇਗਾ ।
ਨੇਤ੍ਰ ਫੋਰੁ = ਅੱਖ ਦਾ ਫਰਕਣਾ ।
ਹਰਨ = ਨਾਸ ਕਰਨਾ ।
ਭਰਨ = ਪਾਲਣਾ ।
ਮੰਤ੍ਰ = ਗੁੱਝਾ ਭੇਤ ।
ਮੰਗਲ = ਖ਼ੁਸ਼ੀਆਂ ।
ਸੁਨੀਅਹਿ = ਸੁਣੇ ਜਾਂਦੇ ਹਨ ।
ਤਪੀਸੁਰ = ਵੱਡਾ ਤਪੀ ।
ਭੋਗੀ = ਭੋਗਣਵਾਲਾ, ਗਿ੍ਰਹਸਤੀ ।
    
Sahib Singh
ਪ੍ਰਭੂ (ਜੀਵਾਂ ਦੇ) ਮਨ ਦੇ ਫੁਰਨੇ ਪੂਰੇ ਕਰਨ ਤੇ ਸਰਨ ਆਇਆਂ ਦੀ ਸਹਾਇਤਾ ਕਰਨ ਦੇ ਸਮਰੱਥ ਹੈ ।
ਜੋ ਉਸ ਨੇ (ਜੀਵਾਂ ਦੇ) ਹੱਥ ਉਤੇ ਲਿਖ ਦਿੱਤਾ ਹੈ, ਉਹੀ ਹੁੰਦਾ ਹੈ ।
ਜਿਸ ਪ੍ਰਭੂ ਦਾ ਅੱਖ ਫਰਕਣ ਦਾ ਸਮਾ (ਜਗਤ ਦੇ) ਪਾਲਣ ਤੇ ਨਾਸ ਲਈ (ਕਾਫ਼ੀ) ਹੈ, ਉਸ ਦਾ ਗੁੱਝਾ ਭੇਤ ਕੋਈ ਹੋਰ ਜੀਵ ਨਹੀਂ ਜਾਣਦਾ ।
ਜਿਸ ਪ੍ਰਭੂ ਦੇ ਘਰ ਵਿਚ ਸਦਾ ਆਨੰਦ ਤੇ ਖ਼ੁਸ਼ੀਆਂ ਹਨ, (ਜਗਤ ਦੇ) ਸਾਰੇ ਪਦਾਰਥ ਉਸ ਦੇ ਘਰ ਵਿਚ (ਮੌਜੂਦ) ਸੁਣੀਦੇ ਹਨ ।
ਰਾਜਿਆਂ ਵਿਚ ਪ੍ਰਭੂ ਆਪ ਹੀ ਰਾਜਾ ਹੈ, ਜੋਗੀਆਂ ਵਿਚ ਜੋਗੀ ਹੈ, ਤਪੀਆਂ ਵਿਚ ਆਪ ਹੀ ਵੱਡਾ ਤਪੀ ਹੈ ਤੇ ਗਿ੍ਰਹਸਤੀਆਂ ਵਿਚ ਭੀ ਆਪ ਹੀ ਗਿ੍ਰਹਸਤੀ ਹੈ ।
ਭਗਤ ਜਨਾਂ ਨੇ (ਉਸ ਪ੍ਰਭੂ ਨੂੰ) ਸਿਮਰ ਸਿਮਰ ਕੇ ਸੁਖ ਪਾ ਲਿਆ ਹੈ ।
ਹੇ ਨਾਨਕ! ਕਿਸੇ ਜੀਵ ਨੇ ਉਸ ਅਕਾਲ ਪੁਰਖ ਦਾ ਅੰਤ ਨਹੀਂ ਪਾਇਆ ।੨ ।
Follow us on Twitter Facebook Tumblr Reddit Instagram Youtube