ਅਸਟਪਦੀ ॥
ਅਬਿਨਾਸੀ ਪ੍ਰਭੁ ਮਨ ਮਹਿ ਰਾਖੁ ॥
ਮਾਨੁਖ ਕੀ ਤੂ ਪ੍ਰੀਤਿ ਤਿਆਗੁ ॥
ਤਿਸ ਤੇ ਪਰੈ ਨਾਹੀ ਕਿਛੁ ਕੋਇ ॥
ਸਰਬ ਨਿਰੰਤਰਿ ਏਕੋ ਸੋਇ ॥
ਆਪੇ ਬੀਨਾ ਆਪੇ ਦਾਨਾ ॥
ਗਹਿਰ ਗੰਭੀਰੁ ਗਹੀਰੁ ਸੁਜਾਨਾ ॥
ਪਾਰਬ੍ਰਹਮ ਪਰਮੇਸੁਰ ਗੋਬਿੰਦ ॥
ਕ੍ਰਿਪਾ ਨਿਧਾਨ ਦਇਆਲ ਬਖਸੰਦ ॥
ਸਾਧ ਤੇਰੇ ਕੀ ਚਰਨੀ ਪਾਉ ॥
ਨਾਨਕ ਕੈ ਮਨਿ ਇਹੁ ਅਨਰਾਉ ॥੧॥

Sahib Singh
ਤਿਆਗੁ = ਛੱਡ ਦੇਹ ।
ਨਿਰੰਤਰਿ = ਇਕ = ਰਸ ਅੰਦਰ ।
ਬੀਨਾ = ਪਛਾਣਨ ਵਾਲਾ ।
ਦਾਨਾ = ਸਮਝਣ ਵਾਲਾ ।
ਗਹੀਰੁ = ਡੂੰਘਾ ।
ਸੁਜਾਨਾ = ਸਿਆਣਾ ।
ਕਿ੍ਰਪਾਨਿਧਾਨ = ਦਇਆ ਦਾ ਖ਼ਜ਼ਾਨਾ ।
ਬਖਸੰਦ = ਬਖ਼ਸ਼ਣ ਵਾਲਾ ।
ਪਾਉ = ਮੈਂ ਪਵਾਂ ।
ਮਨਿ = ਮਨ ਵਿਚ ।
ਅਨੁਰਾਉ = ਅਨੁਰਾਗ, ਤਾਂਘ, ਖਿੱਚ ।
    
Sahib Singh
(ਹੇ ਭਾਈ!) ਆਪਣੇ ਮਨ ਵਿਚ ਅਕਾਲ ਪੁਰਖ ਨੂੰ ਪ੍ਰੋ ਰੱਖ ਅਤੇ ਮਨੁੱਖ ਦਾ ਪਿਆਰ (ਮੋਹ) ਛੱਡ ਦੇਹ ।
ਸਭ ਜੀਵਾਂ ਦੇ ਅੰਦਰ ਇਕ ਅਕਾਲ ਪੁਰਖ ਹੀ ਵਿਆਪਕ ਹੈ, ਉਸ ਤੋਂ ਬਾਹਰਾ ਹੋਰ ਕੋਈ ਜੀਵ ਨਹੀਂ, ਕੋਈ ਚੀਜ਼ ਨਹੀਂ ।
ਪ੍ਰਭੂ ਬੜਾ ਗੰਭੀਰ ਹੈ ਤੇ ਡੂੰਘਾ ਹੈ, ਸਿਆਣਾ ਹੈ, ਉਹੀ ਆਪ ਹੀ (ਜੀਵਾਂ ਦੇ ਦਿਲ ਦੀ) ਪਛਾਣਨ ਵਾਲਾ ਤੇ ਜਾਣਨ ਵਾਲਾ ਹੈ ।
ਹੇ ਪਾਰਬ੍ਰਹਮ ਪ੍ਰਭੂ! ਸਭ ਦੇ ਵੱਡੇ ਮਾਲਕ! ਤੇ ਜੀਵਾਂ ਦੇ ਪਾਲਕ! ਦਇਆ ਦੇ ਖ਼ਜ਼ਾਨੇ! ਦਇਆ ਦੇ ਘਰ! ਤੇ ਬਖ਼ਸ਼ਣਹਾਰ! ਨਾਨਕ ਦੇ ਮਨ ਵਿਚ ਇਹ ਤਾਂਘ ਹੈ ਕਿ ਮੈਂ ਤੇਰੇ ਸਾਧਾਂ ਦੀ ਚਰਨੀਂ ਪਵਾਂ ।੧ ।
Follow us on Twitter Facebook Tumblr Reddit Instagram Youtube