ਜਾ ਕੈ ਮਨਿ ਗੁਰ ਕੀ ਪਰਤੀਤਿ ॥
ਤਿਸੁ ਜਨ ਆਵੈ ਹਰਿ ਪ੍ਰਭੁ ਚੀਤਿ ॥
ਭਗਤੁ ਭਗਤੁ ਸੁਨੀਐ ਤਿਹੁ ਲੋਇ ॥
ਜਾ ਕੈ ਹਿਰਦੈ ਏਕੋ ਹੋਇ ॥
ਸਚੁ ਕਰਣੀ ਸਚੁ ਤਾ ਕੀ ਰਹਤ ॥
ਸਚੁ ਹਿਰਦੈ ਸਤਿ ਮੁਖਿ ਕਹਤ ॥
ਸਾਚੀ ਦ੍ਰਿਸਟਿ ਸਾਚਾ ਆਕਾਰੁ ॥
ਸਚੁ ਵਰਤੈ ਸਾਚਾ ਪਾਸਾਰੁ ॥
ਪਾਰਬ੍ਰਹਮੁ ਜਿਨਿ ਸਚੁ ਕਰਿ ਜਾਤਾ ॥
ਨਾਨਕ ਸੋ ਜਨੁ ਸਚਿ ਸਮਾਤਾ ॥੮॥੧੫॥

Sahib Singh
ਪਰਤੀਤਿ = ਯਕੀਨ, ਸਰਧਾ ।
ਚੀਤਿ = ਚਿੱਤ ਵਿਚ ।
ਸੁਨੀਐ = ਸੁਣਿਆ ਜਾਂਦਾ ਹੈ ।
ਤਿਹੁ ਲੋਇ = ਤਿੰਨਾਂ ਲੋਕਾਂ ਵਿਚ, ਤਿ੍ਰਲੋਕੀ ਵਿਚ, ਸਾਰੇ ਜਗਤ ਵਿਚ ।
ਕਰਣੀ = ਅਮਲੀ ਜ਼ਿੰਦਗੀ, ਚਾਲ ਚਲਨ ।
ਰਹਤ = ਜ਼ਿੰਦਗੀ ਦੇ ਅਸੂਲ ।
ਸਤਿ = ਸੱਚ, ਸਦਾ = ਥਿਰ ਰਹਿਣ ਵਾਲਾ ਪ੍ਰਭੂ ।
ਮੁਖਿ = ਮੂੰਹ ਤੋਂ ।
ਦਿ੍ਰਸਟਿ = ਨਜ਼ਰ ।
ਆਕਾਰੁ = ਦਿ੍ਰਸ਼ਟ = ਮਾਨ ਜਗਤ, ਸਰੂਪ ।
ਵਰਤੈ = ਮੌਜੂਦ ਹੈ ।
ਪਾਸਾਰੁ = ਖਿਲਾਰਾ ।
    
Sahib Singh
ਜਿਸ ਮਨੁੱਖ ਦੇ ਮਨ ਵਿਚ ਸਤਿਗੁਰੂ ਦੀ ਸਰਧਾ ਬਣ ਗਈ ਹੈ ਉਸ ਦੇ ਚਿੱਤ ਵਿਚ ਪ੍ਰਭੂ ਟਿਕ ਜਾਂਦਾ ਹੈ ।
ਉਹ ਮਨੁੱਖ ਸਾਰੇ ਜਗਤ ਵਿਚ ਭਗਤ ਭਗਤ ਸੁਣੀਦਾ ਹੈ, ਜਿਸ ਦੇ ਹਿਰਦੇ ਵਿਚ ਇਕ ਪ੍ਰਭੂ ਵੱਸਦਾ ਹੈ; ਉਸ ਦੀ ਅਮਲੀ ਜ਼ਿੰਦਗੀ ਤੇ ਜ਼ਿੰਦਗੀ ਦੇ ਅਸੂਲ ਇਕ-ਰਸ ਹਨ, ਸੱਚਾ ਪ੍ਰਭੂ ਉਸ ਦੇ ਹਿਰਦੇ ਵਿਚ ਹੈ, ਤੇ ਪ੍ਰਭੂ ਦਾ ਨਾਮ ਹੀ ਉਹ ਮੂੰਹੋਂ ਉੱਚਾਰਦਾ ਹੈ; ਉਸ ਮਨੁੱਖ ਦੀ ਨਜ਼ਰ ਸੱਚੇ ਪ੍ਰਭੂ ਦੇ ਰੰਗ ਵਿਚ ਰੰਗੀ ਹੋਈ ਹੈ, (ਤਾਹੀਏਂ) ਸਾਰਾ ਦਿ੍ਰਸ਼ਟਮਾਨ ਜਗਤ (ਉਸ ਨੂੰ) ਪ੍ਰਭੂ ਦਾ ਰੂਪ ਦਿੱਸਦਾ ਹੈ, ਪ੍ਰਭੂ ਹੀ (ਸਭ ਥਾਈਂ) ਮੌਜੂਦ (ਦਿੱਸਦਾ ਹੈ, ਤੇ) ਪ੍ਰਭੂ ਦਾ ਹੀ (ਸਾਰਾ) ਖਿਲਾਰਾ ਦਿੱਸਦਾ ਹੈ ।
ਜਿਸ ਮਨੁੱਖ ਨੇ ਅਕਾਲ ਪੁਰਖ ਨੂੰ ਸਦਾ-ਥਿਰ ਰਹਿਣ ਵਾਲਾ ਸਮਝਿਆ ਹੈ, ਹੇ ਨਾਨਕ! ਉਹ ਮਨੁੱਖ ਸਦਾ ਉਸ ਥਿਰ ਰਹਿਣ ਵਾਲੇ ਵਿਚ ਲੀਨ ਹੋ ਜਾਂਦਾ ਹੈ ।੮।੧੫ ।
Follow us on Twitter Facebook Tumblr Reddit Instagram Youtube