ਜਿਉ ਮੰਦਰ ਕਉ ਥਾਮੈ ਥੰਮਨੁ ॥
ਤਿਉ ਗੁਰ ਕਾ ਸਬਦੁ ਮਨਹਿ ਅਸਥੰਮਨੁ ॥
ਜਿਉ ਪਾਖਾਣੁ ਨਾਵ ਚੜਿ ਤਰੈ ॥
ਪ੍ਰਾਣੀ ਗੁਰ ਚਰਣ ਲਗਤੁ ਨਿਸਤਰੈ ॥
ਜਿਉ ਅੰਧਕਾਰ ਦੀਪਕ ਪਰਗਾਸੁ ॥
ਗੁਰ ਦਰਸਨੁ ਦੇਖਿ ਮਨਿ ਹੋਇ ਬਿਗਾਸੁ ॥
ਜਿਉ ਮਹਾ ਉਦਿਆਨ ਮਹਿ ਮਾਰਗੁ ਪਾਵੈ ॥
ਤਿਉ ਸਾਧੂ ਸੰਗਿ ਮਿਲਿ ਜੋਤਿ ਪ੍ਰਗਟਾਵੈ ॥
ਤਿਨ ਸੰਤਨ ਕੀ ਬਾਛਉ ਧੂਰਿ ॥
ਨਾਨਕ ਕੀ ਹਰਿ ਲੋਚਾ ਪੂਰਿ ॥੩॥

Sahib Singh
ਮੰਦਰ = ਘਰ ।
ਥਾਮੈ = ਥੰਮ੍ਹਦਾ ਹੈ, ਸਹਾਰਾ ਦੇਈ ਰੱਖਦਾ ਹੈ ।
ਮਨਹਿ = ਮਨ ਵਿਚ ।
ਅਸਥੰਮਨੁ = ਥੰਮ੍ਹ, ਸਹਾਰਾ ।
ਪਾਖਾਣੁ = ਪੱਥਰ ।
ਨਾਵ = ਬੇੜੀ ।
ਲਗਤੁ = ਲੱਗਾ ਹੋਇਆ ।
ਅੰਧਕਾਰ = ਹਨੇਰਾ ।
ਦੀਪਕ = ਦੀਵਾ ।
ਪਰਗਾਸੁ = ਚਾਨਣ ।
ਗੁਰ ਦਰਸਨੁ = ਗੁਰੂ ਦਾ ਦਰਸਨ ।
ਦੇਖਿ = ਵੇਖ ਕੇ ।
ਮਨਿ = ਮਨ ਵਿਚ ।
ਬਿਗਾਸੁ = ਖਿੜਾਉ ।
ਉਦਿਆਨ = ਜੰਗਲ ।
ਮਾਰਗੁ = ਰਸਤਾ ।
ਬਾਛਉ = ਚਾਹੁੰਦਾ ਹਾਂ ।
ਧੂਰਿ = ਧੂੜ ।
ਲੋਚਾ = ਖ਼ਾਹਸ਼ ।
ਪੂਰਿ = ਪੂਰੀ ਕਰ ।
    
Sahib Singh
ਜਿਵੇਂ ਘਰ (ਦੇ ਛੱਤ) ਨੂੰ ਥੰਮ੍ਹ ਸਹਾਰਾ ਦੇਂਦਾ ਹੈ, ਤਿਵੇਂ ਗੁਰੂ ਦਾ ਸ਼ਬਦ ਮਨ ਦਾ ਸਹਾਰਾ ਹੈ ।
ਜਿਵੇਂ ਪੱਥਰ ਬੇੜੀ ਵਿਚ ਚੜ੍ਹ ਕੇ (ਨਦੀ ਆਦਿਕ ਤੋਂ) ਪਾਰ ਲੰਘ ਜਾਂਦਾ ਹੈ, ਤਿਵੇਂ ਗੁਰੂ ਦੀ ਚਰਨੀਂ ਲੱਗਾ ਹੋਇਆ ਬੰਦਾ (ਸੰਸਾਰ-ਸਮੁੰਦਰ ਤੋਂ) ਤਰ ਜਾਂਦਾ ਹੈ ।
ਜਿਵੇਂ ਦੀਵਾ ਹਨੇਰਾ (ਦੂਰ ਕਰ ਕੇ) ਚਾਨਣ ਕਰ ਦੇਂਦਾ ਹੈ, ਤਿਵੇਂ ਗੁਰੂ ਦਾ ਦੀਦਾਰ ਕਰ ਕੇ ਮਨ ਵਿਚ ਖਿੜਾਉ (ਪੈਦਾ) ਹੋ ਜਾਂਦਾ ਹੈ ।
ਜਿਵੇਂ (ਕਿਸੇ) ਵੱਡੇ ਜੰਗਲ ਵਿਚ (ਖੁੰਝੇ ਹੋਏ ਨੂੰ) ਰਾਹ ਲੱਭ ਪਏ, ਤਿਵੇਂ ਸਾਧੂ ਦੀ ਸੰਗਤ ਵਿਚ ਬੈਠਿਆਂ (ਅਕਾਲ ਪੁਰਖ ਦੀ) ਜੋਤਿ (ਮਨੁੱਖ ਦੇ ਅੰਦਰ) ਪ੍ਰਗਟਦੀ ਹੈ ।
ਮੈਂ ਉਹਨਾਂ ਸੰਤਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ।
ਹੇ ਪ੍ਰਭੂ! ਨਾਨਕ ਦੀ ਇਹ ਖ਼ਾਹਸ਼ ਪੂਰੀ ਕਰ ।੩ ।
Follow us on Twitter Facebook Tumblr Reddit Instagram Youtube