ਜੋ ਕਿਛੁ ਕਰੈ ਸੁ ਪ੍ਰਭ ਕੈ ਰੰਗਿ ॥
ਸਦਾ ਸਦਾ ਬਸੈ ਹਰਿ ਸੰਗਿ ॥
ਸਹਜ ਸੁਭਾਇ ਹੋਵੈ ਸੋ ਹੋਇ ॥
ਕਰਣੈਹਾਰੁ ਪਛਾਣੈ ਸੋਇ ॥
ਪ੍ਰਭ ਕਾ ਕੀਆ ਜਨ ਮੀਠ ਲਗਾਨਾ ॥
ਜੈਸਾ ਸਾ ਤੈਸਾ ਦ੍ਰਿਸਟਾਨਾ ॥
ਜਿਸ ਤੇ ਉਪਜੇ ਤਿਸੁ ਮਾਹਿ ਸਮਾਏ ॥
ਓਇ ਸੁਖ ਨਿਧਾਨ ਉਨਹੂ ਬਨਿ ਆਏ ॥
ਆਪਸ ਕਉ ਆਪਿ ਦੀਨੋ ਮਾਨੁ ॥
ਨਾਨਕ ਪ੍ਰਭ ਜਨੁ ਏਕੋ ਜਾਨੁ ॥੮॥੧੪॥

Sahib Singh
ਰੰਗਿ = ਮੌਜ ਵਿਚ, ਰਜ਼ਾ ਵਿਚ ।
ਸਹਜ ਸੁਭਾਇ = ਸੁਤੇ ਹੀ, ਸੁਭਾਵਕ ਹੀ ।
ਜਨ = ਸੇਵਕਾਂ ਨੂੰ ।
ਮੀਠ ਲਗਾਨਾ = ਮਿੱਠਾ ਲੱਗਦਾ ਹੈ ।
ਦਿ੍ਰਸਟਾਨਾ = ਦਿ੍ਰਸ਼ਟੀ ਆਉਂਦਾ ਹੈ ।
ਉਪਜੇ = ਪੈਦਾ ਹੋਏ ।
ਓਇ = ਪ੍ਰਭੂ ਦੇ ਉਹ ਸੇਵਕ ।
ਸੁਖ ਨਿਧਾਨ = ਸੁਖਾਂ ਦੇ ਖ਼ਜ਼ਾਨੇ ।
ਉਨਹੂ = ਉਹਨਾਂ ਨੂੰ ਹੀ ।
ਬਨਿ ਆਏ = ਫੱਬਦੀ ਹੈ ।
ਆਪਸ ਕਉ = ਆਪਣੇ ਆਪ ਨੂੰ ।
    
Sahib Singh
(ਪ੍ਰਭੂ ਦਾ ਸੇਵਕ) ਸਦਾ ਹੀ ਪ੍ਰਭੂ ਦੀ ਹਜ਼ੂਰੀ ਵਿਚ ਵੱਸਦਾ ਹੈ ਤੇ ਜੋ ਕੁਝ ਕਰਦਾ ਹੈ, ਪ੍ਰਭੂ ਦੀ ਰਜ਼ਾ ਵਿਚ (ਰਹਿ ਕੇ) ਕਰਦਾ ਹੈ ।
ਸੁਤੇ ਹੀ ਜੋ ਕੁਝ ਹੁੰਦਾ ਹੈ ਉਸ ਨੂੰ ਪ੍ਰਭੂ ਦਾ ਭਾਣਾ ਜਾਣਦਾ ਹੈ, ਤੇ ਸਭ ਕੁਝ ਕਰਨ ਵਾਲਾ ਪ੍ਰਭੂ ਨੂੰ ਹੀ ਸਮਝਦਾ ਹੈ ।
(ਪ੍ਰਭੂ ਦੇ) ਸੇਵਕਾਂ ਨੂੰ ਪ੍ਰਭੂ ਦਾ ਕੀਤਾ ਹੋਇਆ ਮਿੱਠਾ ਲੱਗਦਾ ਹੈ, (ਕਿਉਂਕਿ) ਪ੍ਰਭੂ ਜਿਹੋ ਜਿਹਾ (ਸਰਬ-ਵਿਆਪਕ) ਹੈ ਉਹੋ ਜਿਹਾ ਉਹਨਾਂ ਨੂੰ ਨਜ਼ਰੀਂ ਆਉਂਦਾ ਹੈ ।
ਜਿਸ ਪ੍ਰਭੂ ਤੋਂ ਉਹ ਸੇਵਕ ਪੈਦਾ ਹੋਏ ਹਨ, ਉਸੇ ਵਿਚ ਲੀਨ ਰਹਿੰਦੇ ਹਨ, ਉਹ ਸੁਖਾਂ ਦਾ ਖ਼ਜ਼ਾਨਾ ਹੋ ਜਾਂਦੇ ਹਨ ਤੇ ਇਹ ਦਰਜਾ ਫੱਬਦਾ ਭੀ ਉਹਨਾਂ ਨੂੰ ਹੀ ਹੈ ।
ਹੇ ਨਾਨਕ! ਪ੍ਰਭੂ ਤੇ ਪ੍ਰਭੂ ਦੇ ਸੇਵਕ ਨੂੰ ਇਕ ਰੂਪ ਸਮਝੋ, (ਸੇਵਕ ਨੂੰ ਮਾਣ ਦੇ ਕੇ) ਪ੍ਰਭੂ ਆਪਣੇ ਆਪ ਨੂੰ ਆਪ ਮਾਣ ਦੇਂਦਾ ਹੈ (ਕਿਉਂਕਿ ਸੇਵਕ ਦਾ ਮਾਣ ਪ੍ਰਭੂ ਦਾ ਹੀ ਮਾਣ ਹੈ) ।੮।੧੪ ।
Follow us on Twitter Facebook Tumblr Reddit Instagram Youtube