ਬਡਭਾਗੀ ਤੇ ਜਨ ਜਗ ਮਾਹਿ ॥
ਸਦਾ ਸਦਾ ਹਰਿ ਕੇ ਗੁਨ ਗਾਹਿ ॥
ਰਾਮ ਨਾਮ ਜੋ ਕਰਹਿ ਬੀਚਾਰ ॥
ਸੇ ਧਨਵੰਤ ਗਨੀ ਸੰਸਾਰ ॥
ਮਨਿ ਤਨਿ ਮੁਖਿ ਬੋਲਹਿ ਹਰਿ ਮੁਖੀ ॥
ਸਦਾ ਸਦਾ ਜਾਨਹੁ ਤੇ ਸੁਖੀ ॥
ਏਕੋ ਏਕੁ ਏਕੁ ਪਛਾਨੈ ॥
ਇਤ ਉਤ ਕੀ ਓਹੁ ਸੋਝੀ ਜਾਨੈ ॥
ਨਾਮ ਸੰਗਿ ਜਿਸ ਕਾ ਮਨੁ ਮਾਨਿਆ ॥
ਨਾਨਕ ਤਿਨਹਿ ਨਿਰੰਜਨੁ ਜਾਨਿਆ ॥੩॥

Sahib Singh
ਤੇ ਜਨ = ਉਹ ਬੰਦੇ ।
ਗਾਹਿ = ਗਾਉਂਦੇ ਹਨ ।
ਸੋ = ਉਹ ਮਨੁੱਖ ।
ਗਨੀ = ਗ਼ਨੀ, ਧਨਾਢ ।
ਮੁਖੀ = ਚੋਣਵੇਂ ਚੰਗੇ ਬੰਦੇ ।
ਤੇ = ਉਹਨਾਂ ਨੂੰ ।
ਇਤ ਉਤ ਕੀ = ਲੋਕ ਪਰਲੋਕ ਦੀ ।
ਮਾਨਿਆ = ਪਤੀਜਿਆ ।
ਤਿਨਹਿ = ਤਿਨਿ ਹੀ, ਉਸੇ ਨੇ ।
ਜਾਨਿਆ = ਸਮਝਿਆ ਹੈ ।
    
Sahib Singh
(ਜੋ ਮਨੁੱਖ) ਸਦਾ ਹੀ ਪ੍ਰਭੂ ਦੇ ਗੁਣ ਗਾਉਂਦੇ ਹਨ, ਉਹ ਮਨੁੱਖ ਜਗਤ ਵਿਚ ਵੱਡੇ ਭਾਗਾਂ ਵਾਲੇ ਹਨ ।
ਉਹ ਮਨੁੱਖ ਜਗਤ ਵਿਚ ਧਨੀ ਹਨ ਤੇ ਰੱਜੇ ਹੋਏ ਹਨ ਜੋ ਅਕਾਲ ਪੁਰਖ ਦੇ ਨਾਮ ਦਾ ਧਿਆਨ ਕਰਦੇ ਹਨ ।
ਜੇਹੜੇ ਭਲੇ ਲੋਕ ਮਨ ਤਨ ਤੇ ਮੂੰਹ ਤੋਂ ਪ੍ਰਭੂ ਦਾ ਨਾਮ ਉਚਾਰਦੇ ਹਨ, ਉਹਨਾਂ ਨੂੰ ਸਦਾ ਸੁਖੀ ਜਾਣੋ ।
ਜੋ ਮਨੁੱਖ ਕੇਵਲ ਇਕ ਪ੍ਰਭੂ ਨੂੰ (ਹਰ ਥਾਂ) ਪਛਾਣਦਾ ਹੈ, ਉਸ ਨੂੰ ਲੋਕ ਪਰਲੋਕ ਦੀ (ਭਾਵ, ਜੀਵਨ ਦੇ ਸਾਰੇ ਸਫ਼ਰ ਦੀ) ਸਮਝ ਆ ਜਾਂਦੀ ਹੈ ।
ਜਿਸ ਮਨੁੱਖ ਦਾ ਮਨ ਪ੍ਰਭੂ ਦੇ ਨਾਮ ਨਾਲ ਰਚ ਮਿਚ ਜਾਂਦਾ ਹੈ, ਹੇ ਨਾਨਕ! ਉਸ ਨੇ ਪ੍ਰਭੂ ਨੂੰ ਪਛਾਣ ਲਿਆ ਹੈ ।੩ ।
Follow us on Twitter Facebook Tumblr Reddit Instagram Youtube