ਸੰਤ ਕਾ ਨਿੰਦਕੁ ਮਹਾ ਅਤਤਾਈ ॥
ਸੰਤ ਕਾ ਨਿੰਦਕੁ ਖਿਨੁ ਟਿਕਨੁ ਨ ਪਾਈ ॥
ਸੰਤ ਕਾ ਨਿੰਦਕੁ ਮਹਾ ਹਤਿਆਰਾ ॥
ਸੰਤ ਕਾ ਨਿੰਦਕੁ ਪਰਮੇਸੁਰਿ ਮਾਰਾ ॥
ਸੰਤ ਕਾ ਨਿੰਦਕੁ ਰਾਜ ਤੇ ਹੀਨੁ ॥
ਸੰਤ ਕਾ ਨਿੰਦਕੁ ਦੁਖੀਆ ਅਰੁ ਦੀਨੁ ॥
ਸੰਤ ਕੇ ਨਿੰਦਕ ਕਉ ਸਰਬ ਰੋਗ ॥
ਸੰਤ ਕੇ ਨਿੰਦਕ ਕਉ ਸਦਾ ਬਿਜੋਗ ॥
ਸੰਤ ਕੀ ਨਿੰਦਾ ਦੋਖ ਮਹਿ ਦੋਖੁ ॥
ਨਾਨਕ ਸੰਤ ਭਾਵੈ ਤਾ ਉਸ ਕਾ ਭੀ ਹੋਇ ਮੋਖੁ ॥੩॥

Sahib Singh
ਅਤਤਾਈ = ਅੱਤ ਚੁੱਕੀ ਰੱਖਣ ਵਾਲਾ, ਸਦਾ ਕੋਈ ਨ ਕੋਈ ਵਧੀਕੀ ਕਰਦੇ ਰਹਿਣ ਵਾਲਾ ।
ਟਿਕਨੁ = ਟਿਕਾਉ ।
ਹਤਿਆਰਾ = ਜ਼ਾਲਮ ।
ਪਰਮੇਸੁਰਿ = ਰੱਬ ਵਲੋਂ ।
ਮਾਰਾ = ਫਿਟਕਿਆ ਹੋਇਆ ।
ਹੀਨੁ = ਵਾਂਜਿਆ ਹੋਇਆ ।
ਦੀਨੁ = ਕੰਗਾਲ, ਆਤੁਰ ।
ਬਿਜੋਗ = (ਰੱਬ ਨਾਲੋਂ) ਵਿਛੋੜਾ ।
ਦੋਖ ਮਹਿ ਦੋਖੁ = ਵੱਡਾ ਮਾੜਾ ਕੰਮ ।
ਮੋਖੁ = ਮੁਕਤੀ, (ਨਿੰਦਾ ਤੋਂ) ਛੁਟਕਾਰਾ ।
    
Sahib Singh
ਸੰਤ ਦੀ ਨਿੰਦਿਆ ਕਰਨ ਵਾਲਾ ਸਦਾ ਅੱਤ ਚੁੱਕੀ ਰੱਖਦਾ ਹੈ, ਤੇ ਇਕ ਪਲਕ ਭਰ ਭੀ (ਅੱਤ ਚੁੱਕਣ ਵਲੋਂ) ਆਰਾਮ ਨਹੀਂ ਲੈਂਦਾ ।
ਸੰਤ ਦਾ ਨਿੰਦਕ ਵੱਡਾ ਜ਼ਾਲਮ ਬਣ ਜਾਂਦਾ ਹੈ, ਤੇ ਰੱਬ ਵਲੋਂ ਫਿਟਕਾਰਿਆ ਜਾਂਦਾ ਹੈ ।
ਸੰਤ ਦਾ ਨਿੰਦਕ ਰਾਜ (ਭਾਵ, ਦੁਨੀਆ ਦੇ ਸੁਖਾਂ) ਤੋਂ ਵਾਂਜਿਆਂ ਰਹਿੰਦਾ ਹੈ (ਸਦਾ) ਦੁਖੀ ਤੇ ਆਤੁਰ ਰਹਿੰਦਾ ਹੈ ।
ਸੰਤਾਂ ਦੀ ਨਿੰਦਿਆ ਕਰਨ ਵਾਲੇ ਨੂੰ ਸਾਰੇ ਰੋਗ ਵਿਆਪਦੇ ਹਨ (ਕਿਉਂਕਿ) ਉਸ ਨੂੰ (ਸੁਖਾਂ ਦੇ ਸੋਮੇ ਪ੍ਰਭੂ ਤੋਂ) ਸਦਾ ਵਿਛੋੜਾ ਰਹਿੰਦਾ ਹੈ ।
ਸੰਤਾਂ ਦੀ ਨਿੰਦਿਆ ਕਰਨੀ ਬਹੁਤ ਹੀ ਮਾੜਾ ਕੰਮ ਹੈ ।
ਹੇ ਨਾਨਕ! ਜੇ ਸੰਤਾਂ ਨੂੰ ਭਾਵੇ ਤਾਂ ਉਸ (ਨਿੰਦਕ) ਦਾ ਭੀ (ਨਿੰਦਿਆ ਤੋਂ) ਛੁਟਕਾਰਾ ਹੋ ਜਾਂਦਾ ਹੈ ।੩ ।
Follow us on Twitter Facebook Tumblr Reddit Instagram Youtube