ਅਸਟਪਦੀ ॥
ਸੰਤ ਕੈ ਦੂਖਨਿ ਆਰਜਾ ਘਟੈ ॥
ਸੰਤ ਕੈ ਦੂਖਨਿ ਜਮ ਤੇ ਨਹੀ ਛੁਟੈ ॥
ਸੰਤ ਕੈ ਦੂਖਨਿ ਸੁਖੁ ਸਭੁ ਜਾਇ ॥
ਸੰਤ ਕੈ ਦੂਖਨਿ ਨਰਕ ਮਹਿ ਪਾਇ ॥
ਸੰਤ ਕੈ ਦੂਖਨਿ ਮਤਿ ਹੋਇ ਮਲੀਨ ॥
ਸੰਤ ਕੈ ਦੂਖਨਿ ਸੋਭਾ ਤੇ ਹੀਨ ॥
ਸੰਤ ਕੇ ਹਤੇ ਕਉ ਰਖੈ ਨ ਕੋਇ ॥
ਸੰਤ ਕੈ ਦੂਖਨਿ ਥਾਨ ਭ੍ਰਸਟੁ ਹੋਇ ॥
ਸੰਤ ਕ੍ਰਿਪਾਲ ਕ੍ਰਿਪਾ ਜੇ ਕਰੈ ॥
ਨਾਨਕ ਸੰਤਸੰਗਿ ਨਿੰਦਕੁ ਭੀ ਤਰੈ ॥੧॥

Sahib Singh
ਦੂਖਨਿ = ਦੂਖਨ ਨਾਲ, ਨਿੰਦਿਆ ਨਾਲ ।
ਆਰਜਾ = ਉਮਰ ।
ਛੁਟੈ = ਬਚ ਸਕਦਾ ।
ਮਲੀਨ = ਮੈਲੀ, ਭੈੜੀ ।
ਮਤਿ = ਅਕਲਿ, ਸਮਝ ।
ਹੀਨ = ਸੱਖਣਾ ।
ਹਤੇ ਕਉ = ਮਾਰੇ ਨੂੰ, ਫਿਟਕਾਰੇ ਨੂੰ ।
ਰਖੈ = ਰੱਖ ਸਕਦਾ, ਸਹੈਤਾ ਕਰਦਾ ।
ਥਾਨ = (ਹਿਰਦਾ = ਰੂਪ) ਥਾਂ ।
ਭ੍ਰਸਟੁ = ਗੰਦਾ ।
    
Sahib Singh
ਸੰਤ ਦੀ ਨਿੰਦਿਆ ਕਰਨ ਨਾਲ (ਮਨੁੱਖ ਦੀ) ਉਮਰ (ਵਿਅਰਥ ਹੀ) ਗੁਜ਼ਰਦੀ ਜਾਂਦੀ ਹੈ, (ਕਿਉਂਕਿ) ਸੰਤ ਦੀ ਨਿੰਦਿਆ ਕੀਤਿਆਂ ਮਨੁੱਖ ਜਮਾਂ ਤੋਂ ਬਚ ਨਹੀਂ ਸਕਦਾ ।
ਸੰਤ ਦੀ ਨਿੰਦਿਆ ਕੀਤਿਆਂ ਸਾਰਾ (ਹੀ) ਸੁਖ (ਨਾਸ ਹੋ) ਜਾਂਦਾ ਹੈ, ਅਤੇ ਮਨੁੱਖ ਨਰਕ ਵਿਚ (ਭਾਵ, ਘੋਰ ਦੁਖਾਂ ਵਿਚ) ਪੈ ਜਾਂਦਾ ਹੈ ।
ਸੰਤ ਦੀ ਨਿੰਦਿਆ ਕਰਨ ਨਾਲ (ਮਨੁੱਖ ਦੀ) ਮਤਿ ਮੈਲੀ ਹੋ ਜਾਂਦੀ ਹੈ, ਤੇ (ਜਗਤ ਵਿਚ) ਮਨੁੱਖ ਸੋਭਾ ਤੋਂ ਸੱਖਣਾ ਰਹਿ ਜਾਂਦਾ ਹੈ ।
ਸੰਤ ਦੇ ਫਿਟਕਾਰੇ ਹੋਏ ਬੰਦੇ ਦੀ ਕੋਈ ਮਨੁੱਖ ਸਹੈਤਾ ਨਹੀਂ ਕਰ ਸਕਦਾ, (ਕਿਉਂਕਿ) ਸੰਤ ਦੀ ਨਿੰਦਾ ਕੀਤਿਆਂ (ਨਿੰਦਕ ਦਾ) ਹਿਰਦਾ ਗੰਦਾ ਹੋ ਜਾਂਦਾ ਹੈ ।
(ਪਰ) ਜੇ ਕਿ੍ਰਪਾਲ ਸੰਤ ਆਪ ਕਿਰਪਾ ਕਰੇ, ਤਾਂ ਹੇ ਨਾਨਕ! ਸੰਤ ਦੀ ਸੰਗਤਿ ਵਿਚ ਨਿੰਦਕ ਭੀ (ਪਾਪਾਂ ਤੋਂ) ਬਚ ਜਾਂਦਾ ਹੈ ।੧ ।
Follow us on Twitter Facebook Tumblr Reddit Instagram Youtube