ਕਰਨ ਕਰਾਵਨ ਕਰਨੈਹਾਰੁ ॥
ਇਸ ਕੈ ਹਾਥਿ ਕਹਾ ਬੀਚਾਰੁ ॥
ਜੈਸੀ ਦ੍ਰਿਸਟਿ ਕਰੇ ਤੈਸਾ ਹੋਇ ॥
ਆਪੇ ਆਪਿ ਆਪਿ ਪ੍ਰਭੁ ਸੋਇ ॥
ਜੋ ਕਿਛੁ ਕੀਨੋ ਸੁ ਅਪਨੈ ਰੰਗਿ ॥
ਸਭ ਤੇ ਦੂਰਿ ਸਭਹੂ ਕੈ ਸੰਗਿ ॥
ਬੂਝੈ ਦੇਖੈ ਕਰੈ ਬਿਬੇਕ ॥
ਆਪਹਿ ਏਕ ਆਪਹਿ ਅਨੇਕ ॥
ਮਰੈ ਨ ਬਿਨਸੈ ਆਵੈ ਨ ਜਾਇ ॥
ਨਾਨਕ ਸਦ ਹੀ ਰਹਿਆ ਸਮਾਇ ॥੬॥

Sahib Singh
ਕਹਾ = ਕਿਥੇ ?
    ਕੀਹ ?
ਬੀਚਾਰੁ = ਵਿਚਾਰ ਕਰ, ਵਿਚਾਰ ਕੇ ਵੇਖ ।
ਦਿ੍ਰਸਟਿ = ਨਜ਼ਰ ।
ਅਪਨੈ ਰੰਗਿ = ਆਪਣੀ ਮੌਜ ਵਿਚ ।
ਸਭਹੂ ਕੈ = ਸਾਰਿਆਂ ਦੇ ਹੀ ।
ਸੰਗਿ = ਨਾਲ ।
ਬਿਬੇਕ = ਪਛਾਣ, ਪਰਖ ।
ਆਪਹਿ = ਆਪ ਹੀ ।
ਆਵੈ ਨ ਜਾਇ = ਨਾਹ ਆਉਂਦਾ ਹੈ ਨਾਹ ਜਾਂਦਾ ਹੈ; ਨਾਹ ਜੰਮਦਾ ਹੈ ਨਾਹ ਮਰਦਾ ਹੈ ।
ਸਦ ਹੀ = ਸਦਾ ਹੀ ।
ਰਹਿਆ ਸਮਾਇ = ਸਮਾਇ ਰਹਿਆ, ਆਪਣੇ ਆਪ ਵਿਚ ਟਿਕਿਆ ਹੋਇਆ ਹੈ ।
    
Sahib Singh
ਵਿਚਾਰ ਕੇ ਵੇਖ ਲੈ, ਇਸ ਜੀਵ ਦੇ ਹੱਥ ਕੁਝ ਭੀ ਨਹੀਂ ਹੈ; ਪ੍ਰਭੂ ਆਪ ਹੀ ਸਭ ਕੁਝ ਕਰਨ ਜੋਗਾ ਹੈ ਤੇ (ਜੀਵਾਂ ਪਾਸੋਂ) ਕਰਾਉਣ ਜੋਗਾ ਹੈ ।
ਪ੍ਰਭੂ ਜਿਹੋ ਜਿਹੀ ਨਜ਼ਰ (ਬੰਦੇ ਵਲ) ਕਰਦਾ ਹੈ (ਬੰਦਾ) ਉਹੋ ਜਿਹਾ ਬਣ ਜਾਂਦਾ ਹੈ, ਉਹ ਪ੍ਰਭੂ ਆਪ ਹੀ ਆਪ ਹੈ ।
ਜੋ ਕੁਝ ਉਸ ਬਣਾਇਆ ਹੈ ਆਪਣੀ ਮੌਜ ਵਿਚ ਬਣਾਇਆ ਹੈ; ਸਭ ਜੀਵਾਂ ਦੇ ਅੰਗ-ਸੰਗ ਭੀ ਹੈ ਤੇ ਸਭ ਤੋਂ ਵੱਖਰਾ ਭੀ ਹੈ ।
ਪ੍ਰਭੂ ਆਪ ਹੀ ਇੱਕ ਹੈ ਤੇ ਆਪ ਹੀ ਅਨੇਕ (ਰੂਪ) ਧਾਰ ਰਿਹਾ ਹੈ; ਸਭ ਕੁਝ ਸਮਝਦਾ ਹੈ, ਵੇਖਦਾ ਹੈ ਤੇ ਪਛਾਣਦਾ ਹੈ ।
ਉਹ ਨਾਹ ਕਦੇ ਮਰਦਾ ਹੈ ਨ ਬਿਨਸਦਾ ਹੈ; ਨਾਹ ਜੰਮਦਾ ਹੈ ਨ ਮਰਦਾ ਹੈ; ਹੇ ਨਾਨਕ! ਪ੍ਰਭੂ ਸਦਾ ਹੀ ਆਪਣੇ ਆਪ ਵਿਚ ਟਿਕਿਆ ਰਹਿੰਦਾ ਹੈ ।੬ ।
Follow us on Twitter Facebook Tumblr Reddit Instagram Youtube