ਕੋਟਿ ਕਰਮ ਕਰੈ ਹਉ ਧਾਰੇ ॥
ਸ੍ਰਮੁ ਪਾਵੈ ਸਗਲੇ ਬਿਰਥਾਰੇ ॥
ਅਨਿਕ ਤਪਸਿਆ ਕਰੇ ਅਹੰਕਾਰ ॥
ਨਰਕ ਸੁਰਗ ਫਿਰਿ ਫਿਰਿ ਅਵਤਾਰ ॥
ਅਨਿਕ ਜਤਨ ਕਰਿ ਆਤਮ ਨਹੀ ਦ੍ਰਵੈ ॥
ਹਰਿ ਦਰਗਹ ਕਹੁ ਕੈਸੇ ਗਵੈ ॥
ਆਪਸ ਕਉ ਜੋ ਭਲਾ ਕਹਾਵੈ ॥
ਤਿਸਹਿ ਭਲਾਈ ਨਿਕਟਿ ਨ ਆਵੈ ॥
ਸਰਬ ਕੀ ਰੇਨ ਜਾ ਕਾ ਮਨੁ ਹੋਇ ॥
ਕਹੁ ਨਾਨਕ ਤਾ ਕੀ ਨਿਰਮਲ ਸੋਇ ॥੩॥

Sahib Singh
ਕੋਟਿ = ਕਰੋੜ ।
ਹਉ = ਅਹੰਕਾਰ ।
ਸ੍ਰਮੁ = ਥਕੇਵਾਂ ।
ਸਗਲੇ = ਸਾਰੇ (ਕਰਮ) ।
ਬਿਰਥਾਰੇ = ਵਿਅਰਥ, ਬੇਫ਼ਾਇਦਾ ।
ਤਪਸਿਆ = ਤਪ ਦੇ ਸਾਧਨ ।
ਅਵਤਾਰ = ਜਨਮ ।
ਦ੍ਰਵੈ = ਦ੍ਰਵਦਾ, ਨਰਮ ਹੁੰਦਾ ।
ਗਵੈ = ਜਾਵੇ, ਪਹੁੰਚੇ ।
ਆਪਸ ਕਉ = ਆਪਣੇ ਆਪ ਨੂੰ ।
ਤਿਸਹਿ = ਉਸ ਨੂੰ ।
ਨਿਕਟਿ = ਨੇੜੇ ।
ਰੇਨ = ਚਰਨਾਂ ਦੀ ਧੂੜ ।
ਸੋਇ = ਸੋਭਾ ।
    
Sahib Singh
(ਜੇ ਮਨੁੱਖ) ਕਰੋੜਾਂ (ਧਾਰਮਿਕ) ਕੰਮ ਕਰੇ (ਤੇ ਉਹਨਾਂ ਦਾ) ਅਹੰਕਾਰ (ਭੀ) ਕਰੇ ਤਾਂ ਉਹ ਸਾਰੇ ਕੰਮ ਵਿਅਰਥ ਹਨ, (ਉਹਨਾਂ ਕੰਮਾਂ ਦਾ ਫਲ ਉਸ ਨੂੰ ਕੇਵਲ) ਥਕੇਵਾਂ (ਹੀ) ਮਿਲਦਾ ਹੈ ।
ਅਨੇਕਾਂ ਤਪ ਦੇ ਸਾਧਨ ਕਰ ਕੇ ਜੇ ਇਹਨਾਂ ਦਾ ਮਾਣ ਕਰੇ, (ਤਾਂ ਉਹ ਭੀ) ਨਰਕਾਂ ਸੁਰਗਾਂ ਵਿਚ ਹੀ ਮੁੜ ਮੁੜ ਜੰਮਦਾ ਹੈ (ਭਾਵ, ਕਦੇ ਸੁਖ ਤੇ ਕਦੇ ਦੁਖ ਭੋਗਦਾ ਹੈ) ।
ਅਨੇਕਾਂ ਜਤਨ ਕੀਤਿਆਂ ਜੇ ਹਿਰਦਾ ਨਰਮ ਨਹੀਂ ਹੁੰਦਾ ਤਾਂ ਦੱਸੋ, ਉਹ ਮਨੁੱਖ ਪ੍ਰਭੂ ਦੀ ਦਰਗਾਹ ਵਿਚ ਕਿਵੇਂ ਪਹੁੰਚ ਸਕਦਾ ਹੈ ?
ਜੋ ਮਨੁੱਖ ਆਪਣੇ ਆਪ ਨੂੰ ਨੇਕ ਅਖਵਾਉਂਦਾ ਹੈ, ਨੇਕੀ ਉਸ ਦੇ ਨੇੜੇ ਭੀ ਨਹੀਂ ਢੁੱਕਦੀ ।
ਜਿਸ ਮਨੁੱਖ ਦਾ ਮਨ ਸਭਨਾਂ ਦੇ ਚਰਨਾਂ ਦੀ ਧੂੜ ਹੋ ਜਾਂਦਾ ਹੈ, ਆਖ, ਹੇ ਨਾਨਕ! ਉਸ ਮਨੁੱਖ ਦੀ ਸੋਹਣੀ ਸੋਭਾ ਖਿਲਰਦੀ ਹੈ ।੩ ।
Follow us on Twitter Facebook Tumblr Reddit Instagram Youtube