ਅਸਟਪਦੀ ॥
ਜਿਸ ਕੈ ਅੰਤਰਿ ਰਾਜ ਅਭਿਮਾਨੁ ॥
ਸੋ ਨਰਕਪਾਤੀ ਹੋਵਤ ਸੁਆਨੁ ॥
ਜੋ ਜਾਨੈ ਮੈ ਜੋਬਨਵੰਤੁ ॥
ਸੋ ਹੋਵਤ ਬਿਸਟਾ ਕਾ ਜੰਤੁ ॥
ਆਪਸ ਕਉ ਕਰਮਵੰਤੁ ਕਹਾਵੈ ॥
ਜਨਮਿ ਮਰੈ ਬਹੁ ਜੋਨਿ ਭ੍ਰਮਾਵੈ ॥
ਧਨ ਭੂਮਿ ਕਾ ਜੋ ਕਰੈ ਗੁਮਾਨੁ ॥
ਸੋ ਮੂਰਖੁ ਅੰਧਾ ਅਗਿਆਨੁ ॥
ਕਰਿ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ ॥
ਨਾਨਕ ਈਹਾ ਮੁਕਤੁ ਆਗੈ ਸੁਖੁ ਪਾਵੈ ॥੧॥

Sahib Singh
ਰਾਜ ਅਭਿਮਾਨੁ = ਰਾਜ ਦਾ ਮਾਣ ।
ਸੁਆਨੁ = ਕੁੱਤਾ ।
ਨਰਕਪਾਤੀ = ਨਰਕਾਂ ਵਿਚ ਪੈਣ ਦਾ ਅਧਿਕਾਰੀ ।
ਜੋਬਨਵੰਤੁ = ਜੋਬਨ ਵਾਲਾ, ਜੁਆਨੀ ਦਾ ਮਾਲਕ, ਬੜਾ ਸੋਹਣਾ ।
ਬਿਸਟਾ = ਗੂੰਹ ।
ਜੰਤੁ = ਕੀੜਾ ।
ਕਰਮਵੰਤੁ = (ਚੰਗੇ) ਕੰਮ ਕਰਨ ਵਾਲਾ ।
ਜਨਮਿ = ਜਨਮ ਲੈ ਕੇ, ਜੰਮ ਕੇ ।
ਭ੍ਰਮਾਵੈ = ਭਟਕਦਾ ਹੈ ।
ਭੂਮਿ = ਧਰਤੀ ।
ਅਗਿਆਨੁ = ਜਾਹਿਲ ।
ਈਹਾ = ਏਥੇ, ਇਸ ਜ਼ਿੰਦਗੀ ਵਿਚ ।
ਮੁਕਤੁ = (ਮਾਇਆ ਦੇ ਬੰਧਨਾਂ ਤੋਂ) ਆਜ਼ਾਦ ।
ਆਗੈ = ਪਰਲੋਕ ਵਿਚ ।
    
Sahib Singh
ਜਿਸ ਮਨੁੱਖ ਦੇ ਮਨ ਵਿਚ ਰਾਜ ਦਾ ਮਾਣ ਹੈ, ਉਹ ਕੁੱਤਾ ਨਰਕ ਵਿਚ ਪੈਣ ਦਾ ਸਜ਼ਾਵਾਰ ਹੁੰਦਾ ਹੈ ।
ਜੋ ਮਨੁੱਖ ਆਪਣੇ ਆਪ ਨੂੰ ਬੜਾ ਸੋਹਣਾ ਸਮਝਦਾ ਹੈ, ਉਹ ਵਿਸ਼ਟਾ ਦਾ ਹੀ ਕੀੜਾ ਹੁੰਦਾ ਹੈ (ਕਿਉਂਕਿ ਸਦਾ ਵਿਸ਼ੇ-ਵਿਕਾਰਾਂ ਦੇ ਗੰਦ ਵਿਚ ਪਿਆ ਰਹਿੰਦਾ ਹੈ) ।
ਜੇਹੜਾ ਆਪਣੇ ਆਪ ਨੂੰ ਚੰਗੇ ਕੰਮ ਕਰਨ ਵਾਲਾ ਅਖਵਾਉਂਦਾ ਹੈ, ਉਹ ਸਦਾ ਜੰਮਦਾ ਮਰਦਾ ਹੈ, ਕਈ ਜੂਨਾਂ ਵਿਚ ਭਟਕਦਾ ਫਿਰਦਾ ਹੈ ।
ਜੋ ਮਨੁੱਖ ਧਨ ਤੇ ਧਰਤੀ (ਦੀ ਮਾਲਕੀ) ਦਾ ਅਹੰਕਾਰ ਕਰਦਾ ਹੈ, ਉਹ ਮੂਰਖ ਹੈ, ਬੜਾ ਜਾਹਿਲ ਹੈ ।
ਮੇਹਰ ਕਰ ਕੇ ਜਿਸ ਮਨੁੱਖ ਦੇ ਦਿਲ ਵਿਚ ਗਰੀਬੀ (ਸੁਭਾਉ) ਪਾਂਦਾ ਹੈ, ਹੇ ਨਾਨਕ! (ਉਹ ਮਨੁੱਖ) ਇਸ ਜ਼ਿੰਦਗੀ ਵਿਚ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ ਤੇ ਪਰਲੋਕ ਵਿਚ ਸੁਖ ਪਾਂਦਾ ਹੈ ।੧ ।
Follow us on Twitter Facebook Tumblr Reddit Instagram Youtube