ਇਸ ਕਾ ਬਲੁ ਨਾਹੀ ਇਸੁ ਹਾਥ ॥
ਕਰਨ ਕਰਾਵਨ ਸਰਬ ਕੋ ਨਾਥ ॥
ਆਗਿਆਕਾਰੀ ਬਪੁਰਾ ਜੀਉ ॥
ਜੋ ਤਿਸੁ ਭਾਵੈ ਸੋਈ ਫੁਨਿ ਥੀਉ ॥
ਕਬਹੂ ਊਚ ਨੀਚ ਮਹਿ ਬਸੈ ॥
ਕਬਹੂ ਸੋਗ ਹਰਖ ਰੰਗਿ ਹਸੈ ॥
ਕਬਹੂ ਨਿੰਦ ਚਿੰਦ ਬਿਉਹਾਰ ॥
ਕਬਹੂ ਊਭ ਅਕਾਸ ਪਇਆਲ ॥
ਕਬਹੂ ਬੇਤਾ ਬ੍ਰਹਮ ਬੀਚਾਰ ॥
ਨਾਨਕ ਆਪਿ ਮਿਲਾਵਣਹਾਰ ॥੫॥

Sahib Singh
ਸਰਬ ਕੋ ਨਾਥ = ਸਾਰੇ ਜੀਵਾਂ ਦਾ ਮਾਲਕ ।
ਬਪੁਰਾ = ਵਿਚਾਰਾ ।
ਆਗਿਆਕਾਰੀ = ਹੁਕਮ ਵਿਚ ਤੁਰਨ ਵਾਲਾ ।
ਜੀਉ = ਜੀਵ ।
ਥੀਉ = ਹੁੰਦਾ ਹੈ, ਵਰਤਦਾ ਹੈ ।
ਕਬਹੂ = ਕਦੇ ।
ਸੋਗ = ਚਿੰਤਾ ।
ਹਰਖ = ਖ਼ੁਸ਼ੀ ।
ਨਿੰਦ ਚਿੰਦ = ਨਿੰਦਿਆ ਦੀ ਵਿਚਾਰ ।
ਬਿਉਹਾਰ = ਵਿਹਾਰ, ਵਤੀਰਾ ।
ਊਭ = ਉੱਚਾ ।
ਪਇਆਲ = ਪਤਾਲ ।
ਬੇਤਾ = ਜਾਣਨ ਵਾਲਾ, ਮਹਰਮ ।
ਬ੍ਰਹਮ ਬੀਚਾਰ = ਰੱਬੀ ਵਿਚਾਰ ।
    
Sahib Singh
ਇਸ (ਜੀਵ) ਦੀ ਤਾਕਤ ਇਸ ਦੇ ਆਪਣੇ ਹੱਥ ਨਹੀਂ ਹੈ, ਸਭ ਜੀਵਾਂ ਦਾ ਮਾਲਕ ਪ੍ਰਭੂ ਆਪ ਸਭ ਕੁਝ ਕਰਨ ਕਰਾਉਣ ਦੇ ਸਮਰੱਥ ਹੈ ।
ਵਿਚਾਰਾ ਜੀਵ ਪ੍ਰਭੂ ਦੇ ਹੁਕਮ ਵਿਚ ਹੀ ਤੁਰਨ ਵਾਲਾ ਹੈ (ਕਿਉਂਕਿ) ਹੁੰਦਾ ਓਹੀ ਹੈ ਜੋ ਉਸ ਪ੍ਰਭੂ ਨੂੰ ਭਾਉਂਦਾ ਹੈ ।(ਪ੍ਰਭੂ ਆਪ) ਕਦੇ ਉੱਚਿਆਂ ਵਿਚ ਕਦੇ ਨੀਵਿਆਂ ਵਿਚ ਪ੍ਰਗਟ ਹੋ ਰਿਹਾ ਹੈ, ਕਦੇ ਚਿੰਤਾ ਵਿਚ ਹੈ ਤੇ ਕਦੇ ਖੁਸ਼ੀ ਦੀ ਮੌਜ ਵਿਚ ਹੱਸ ਰਿਹਾ ਹੈ; ਕਦੇ (ਦੂਜਿਆਂ ਦੀ) ਨਿੰਦਿਆ ਵਿਚਾਰਨ ਦਾ ਵਿਹਾਰ ਬਣਾਈ ਬੈਠਾ ਹੈ, ਕਦੇ (ਖ਼ੁਸ਼ੀ ਦੇ ਕਾਰਣ) ਅਕਾਸ਼ ਵਿਚ ਉੱਚਾ (ਚੜ੍ਹਦਾ ਹੈ) (ਕਦੇ ਚਿੰਤਾ ਦੇ ਕਾਰਣ) ਪਤਾਲ ਵਿਚ (ਡਿੱਗਾ ਪਿਆ ਹੈ); ਕਦੇ ਆਪ ਹੀ ਰੱਬੀ ਵਿਚਾਰ ਦਾ ਮਹਰਮ ਹੈ ।
ਹੇ ਨਾਨਕ! ਜੀਵਾਂ ਨੂੰ ਆਪਣੇ ਵਿਚ ਮੇਲਣ ਵਾਲਾ ਆਪ ਹੀ ਹੈ ।੫ ।
Follow us on Twitter Facebook Tumblr Reddit Instagram Youtube