ਖਿਨ ਮਹਿ ਨੀਚ ਕੀਟ ਕਉ ਰਾਜ ॥
ਪਾਰਬ੍ਰਹਮ ਗਰੀਬ ਨਿਵਾਜ ॥
ਜਾ ਕਾ ਦ੍ਰਿਸਟਿ ਕਛੂ ਨ ਆਵੈ ॥
ਤਿਸੁ ਤਤਕਾਲ ਦਹ ਦਿਸ ਪ੍ਰਗਟਾਵੈ ॥
ਜਾ ਕਉ ਅਪੁਨੀ ਕਰੈ ਬਖਸੀਸ ॥
ਤਾ ਕਾ ਲੇਖਾ ਨ ਗਨੈ ਜਗਦੀਸ ॥
ਜੀਉ ਪਿੰਡੁ ਸਭ ਤਿਸ ਕੀ ਰਾਸਿ ॥
ਘਟਿ ਘਟਿ ਪੂਰਨ ਬ੍ਰਹਮ ਪ੍ਰਗਾਸ ॥
ਅਪਨੀ ਬਣਤ ਆਪਿ ਬਨਾਈ ॥
ਨਾਨਕ ਜੀਵੈ ਦੇਖਿ ਬਡਾਈ ॥੪॥

Sahib Singh
ਕੀਟ = ਕੀੜਾ ।
ਨਿਵਾਜ = ਮੇਹਰ ਕਰਨ ਵਾਲਾ ।
ਜਾ ਕਾ ਕਛੂ = ਜਿਸ ਦਾ ਕੋਈ ਗੁਣ ।
ਦਿ੍ਰਸਟਿ ਨ ਆਵੈ = ਨਹੀਂ ਦਿੱਸਦਾ ।
ਤਤਕਾਲ = ਤੁਰਤ ।
ਬਖਸੀਸ = ਬਖ਼ਸ਼ਸ਼, ਦਇਆ ।
ਜਗਦੀਸ = ਜਗਤ = ਈਸ, ਜਗਤ ਦਾ ਮਾਲਕ ।
ਰਾਸਿ = ਪੂੰਜੀ ।
ਤਿਸ ਕੀ = ਉਸ ਪ੍ਰਭੂ ਦੀ ।
ਘਟਿ ਘਟਿ = ਹਰੇਕ ਘਟ ਵਿਚ, ਹਰੇਕ ਸਰੀਰ ਵਿਚ ।
ਪੂਰਨ = ਵਿਆਪਕ ।
ਪ੍ਰਗਾਸ = ਜਲਵਾ ।
ਬਣਤ = ਬਨਾਵਟ, ਆਕਾਰ, ਜਗਤ-ਰੂਪ ਘਾੜਤ ।
ਜੀਵੈ = ਜੀਊਂ ਰਿਹਾ ਹੈ, ਪ੍ਰਸੰਨ ਹੋ ਰਿਹਾ ਹੈ ।
    
Sahib Singh
ਖਿਣ ਵਿਚ ਪ੍ਰਭੂ ਕੀੜੇ (ਵਰਗੇ) ਨੀਵੇਂ (ਮਨੁੱਖ) ਨੂੰ ਰਾਜ ਦੇ ਦੇਂਦਾ ਹੈ, ਪ੍ਰਭੂ ਗ਼ਰੀਬਾਂ ਤੇ ਮੇਹਰ ਕਰਨ ਵਾਲਾ ਹੈ ।
ਜਿਸ ਮਨੁੱਖ ਦਾ ਕੋਈ ਗੁਣ ਨਹੀਂ ਦਿੱਸ ਆਉਂਦਾ, ਉਸ ਨੂੰ ਪਲਕ ਵਿਚ ਦਸੀਂ ਪਾਸੀਂ ਉੱਘਾ ਕਰ ਦੇਂਦਾ ਹੈ ।
ਜਿਸ ਮਨੁੱਖ ਤੇ ਜਗਤ ਦਾ ਮਾਲਕ ਪ੍ਰਭੂ ਆਪਣੀ ਬਖ਼ਸ਼ਸ਼ ਕਰਦਾ ਹੈ; ਉਸ ਦਾ (ਕਰਮਾਂ ਦਾ) ਲੇਖਾ ਨਹੀਂ ਗਿਣਦਾ ।
ਇਹ ਜਿੰਦ ਤੇ ਸਰੀਰ ਸਭ ਉਸ ਪ੍ਰਭੂ ਦੀ ਦਿੱਤੀ ਹੋਈ ਪੂੰਜੀ ਹੈ, ਹਰੇਕ ਸਰੀਰ ਵਿਚ ਵਿਆਪਕ ਪ੍ਰਭੂ ਦਾ ਹੀ ਜਲਵਾ ਹੈ ।
ਇਹ (ਜਗਤ-) ਰਚਨਾ ਉਸ ਨੇ ਆਪ ਰਚੀ ਹੈ ।
ਹੇ ਨਾਨਕ! ਆਪਣੀ (ਇਸ) ਬਜ਼ੁਰਗੀ ਨੂੰ ਆਪ ਵੇਖ ਕੇ ਖ਼ੁਸ਼ ਹੋ ਰਿਹਾ ਹੈ ।੪ ।
Follow us on Twitter Facebook Tumblr Reddit Instagram Youtube