ਅਸਟਪਦੀ ॥
ਕਰਨ ਕਰਾਵਨ ਕਰਨੈ ਜੋਗੁ ॥
ਜੋ ਤਿਸੁ ਭਾਵੈ ਸੋਈ ਹੋਗੁ ॥
ਖਿਨ ਮਹਿ ਥਾਪਿ ਉਥਾਪਨਹਾਰਾ ॥
ਅੰਤੁ ਨਹੀ ਕਿਛੁ ਪਾਰਾਵਾਰਾ ॥
ਹੁਕਮੇ ਧਾਰਿ ਅਧਰ ਰਹਾਵੈ ॥
ਹੁਕਮੇ ਉਪਜੈ ਹੁਕਮਿ ਸਮਾਵੈ ॥
ਹੁਕਮੇ ਊਚ ਨੀਚ ਬਿਉਹਾਰ ॥
ਹੁਕਮੇ ਅਨਿਕ ਰੰਗ ਪਰਕਾਰ ॥
ਕਰਿ ਕਰਿ ਦੇਖੈ ਅਪਨੀ ਵਡਿਆਈ ॥
ਨਾਨਕ ਸਭ ਮਹਿ ਰਹਿਆ ਸਮਾਈ ॥੧॥

Sahib Singh
ਜੋਗੁ = ਸਮਰੱਥ, ਤਾਕਤ ਵਾਲਾ ।
ਹੋਗੁ = ਹੋਵੇਗਾ ।
ਥਾਪਿ = ਪੈਦਾ ਕਰ ਕੇ ।
ਉਥਾਪਨਹਾਰਾ = ਨਾਸ ਕਰਨ ਵਾਲਾ ।
ਪਾਰਾਵਾਰਾ = ਪਾਰ ਤੇ ਅਵਾਰ, ਪਾਰਲਾ ਤੇ ਉਰਲਾ ਬੰਨਾ ।
ਧਾਰਿ = ਟਿਕਾ ਕੇ ।
ਅਧਰ = ਅ = ਧਰ, ਬਿਨਾ ਆਸਰੇ ।
ਰਹਾਵੈ = ਰਖਾਵੈ, ਰੱਖਦਾ ਹੈ ।
ਉਪਜੈ = ਪੈਦਾ ਹੁੰਦਾ ਹੈ ।
ਪਰਕਾਰ = ਕਿਸਮ ।
    
Sahib Singh
ਪ੍ਰਭੂ (ਸਭ ਕੁਝ) ਕਰਨ ਦੀ ਸਮਰੱਥਾ ਰੱਖਦਾ ਹੈ, ਤੇ (ਜੀਆਂ ਨੂੰ) ਕੰਮ ਕਰਨ ਲਈ ਪ੍ਰੇਰਨ ਜੋਗਾ ਭੀ ਹੈ, ਓਹੀ ਕੁਝ ਹੁੰਦਾ ਹੈ ਜੋ ਉਸ ਨੂੰ ਚੰਗਾ ਲੱਗਦਾ ਹੈ ।
ਅੱਖ ਦੇ ਫੋਰ ਵਿਚ ਜਗਤ ਨੂੰ ਪੈਦਾ ਕਰ ਕੇ ਨਾਸ ਭੀ ਕਰਨ ਵਾਲਾ ਹੈ, (ਉਸ ਦੀ ਤਾਕਤ) ਦਾ ਕੋਈ ਹੱਦ-ਬੰਨਾ ਨਹੀਂ ਹੈ ।
(ਸਿ੍ਰਸ਼ਟੀ ਨੂੰ ਆਪਣੇ) ਹੁਕਮ ਵਿਚ ਪੈਦਾ ਕਰ ਕੇ ਬਿਨਾ ਕਿਸੇ ਆਸਰੇ ਟਿਕਾ ਰੱਖਦਾ ਹੈ, (ਜਗਤ ਉਸ ਦੇ) ਹੁਕਮ ਵਿਚ ਪੈਦਾ ਹੁੰਦਾ ਹੈ ਤੇ ਹੁਕਮ ਵਿਚ ਲੀਨ ਹੋ ਜਾਂਦਾ ਹੈ ।
ਉੱਚੇ ਤੇ ਨੀਵੇਂ ਬੰਦਿਆਂ ਦੀ ਵਰਤੋਂ ਭੀ ਉਸ ਦੇ ਹੁਕਮ ਵਿਚ ਹੀ ਹੈ, ਅਨੇਕਾਂ ਕਿਸਮਾਂ ਦੇ ਖੇਡ-ਤਮਾਸ਼ੇ ਉਸ ਦੇ ਹੁਕਮ ਵਿਚ ਹੋ ਰਹੇ ਹਨ ।
ਆਪਣੀ ਬਜ਼ੁਰਗੀ (ਦੇ ਕੰਮ) ਕਰ ਕਰ ਕੇ ਆਪ ਹੀ ਵੇਖ ਰਿਹਾ ਹੈ ।
ਹੇ ਨਾਨਕ! ਪ੍ਰਭੂ ਸਭ ਜੀਵਾਂ ਵਿਚ ਵਿਆਪਕ ਹੈ ।੧ ।
Follow us on Twitter Facebook Tumblr Reddit Instagram Youtube