ਕਈ ਕੋਟਿ ਪਾਰਬ੍ਰਹਮ ਕੇ ਦਾਸ ॥
ਤਿਨ ਹੋਵਤ ਆਤਮ ਪਰਗਾਸ ॥
ਕਈ ਕੋਟਿ ਤਤ ਕੇ ਬੇਤੇ ॥
ਸਦਾ ਨਿਹਾਰਹਿ ਏਕੋ ਨੇਤ੍ਰੇ ॥
ਕਈ ਕੋਟਿ ਨਾਮ ਰਸੁ ਪੀਵਹਿ ॥
ਅਮਰ ਭਏ ਸਦ ਸਦ ਹੀ ਜੀਵਹਿ ॥
ਕਈ ਕੋਟਿ ਨਾਮ ਗੁਨ ਗਾਵਹਿ ॥
ਆਤਮ ਰਸਿ ਸੁਖਿ ਸਹਜਿ ਸਮਾਵਹਿ ॥
ਅਪੁਨੇ ਜਨ ਕਉ ਸਾਸਿ ਸਾਸਿ ਸਮਾਰੇ ॥
ਨਾਨਕ ਓਇ ਪਰਮੇਸੁਰ ਕੇ ਪਿਆਰੇ ॥੮॥੧੦॥

Sahib Singh
ਪਰਗਾਸ = ਚਾਨਣ ।
ਤਤ = ਅਸਲੀਅਤ ।
ਬੇਤੇ = ਜਾਣਨ ਵਾਲੇ, ਮਹਰਮ ।
ਨਿਹਾਰਹਿ = ਵੇਖਦੇ ਹਨ ।
ਨੇਤ੍ਰੇ = ਅੱਖਾਂ ਨਾਲ ।
ਅਮਰ = ਜਨਮ ਮਰਨ ਤੋਂ ਰਹਿਤ ।
ਸਦ = ਸਦਾ ।
ਆਤਮ ਰਸਿ = ਆਤਮਾ ਦੇ ਰਸ ਵਿਚ, ਆਤਮਕ ਆਨੰਦ ਵਿਚ ।
ਸਮਾਵਹਿ = ਟਿਕੇ ਰਹਿੰਦੇ ਹਨ ।
ਸਾਸਿ ਸਾਸਿ = ਦਮ = ਬ-ਦਮ ।
ਸਮਾਰੇ = ਸੰਭਾਲਦਾ ਹੈ, ਚੇਤੇ ਰੱਖਦਾ ਹੈ ।
ਓਇ = ਉਹ (ਸੇਵਕ ਜੋ ਉਸ ਵਿਚ ਲੀਨ ਰਹਿੰਦੇ ਹਨ) {ਲਫ਼ਜ਼ ‘ਓਇ’ ਬਹੁ-ਵਚਨ ਹੈ} ।
    
Sahib Singh
(ਇਸ ਜਗਤ-ਰਚਨਾ ਵਿਚ) ਕਰੋੜਾਂ ਜੀਵ ਪ੍ਰਭੂ ਦੇ ਸੇਵਕ (ਭਗਤ) ਹਨ, ਉਹਨਾਂ ਦੇ ਆਤਮ ਵਿਚ (ਪ੍ਰਭੂ ਦਾ) ਪਰਕਾਸ਼ ਹੋ ਜਾਂਦਾ ਹੈ; ਕਰੋੜਾਂ ਜੀਵ (ਜਗਤ ਦੇ) ਅਸਲੇ (ਅਕਾਲ ਪੁਰਖ) ਦੇ ਮਹਰਮ ਹਨ ਜੋ ਸਦਾ ਇੱਕ ਪ੍ਰਭੂ ਨੂੰ ਅੱਖਾਂ ਨਾਲ (ਹਰ ਥਾਂ) ਵੇਖਦੇ ਹਨ; ਕਰੋੜਾਂ ਬੰਦੇ ਪ੍ਰਭੂ-ਨਾਮ ਦਾ ਆਨੰਦ ਮਾਣਦੇ ਹਨ, ਉਹ ਜਨਮ ਮਰਨ ਤੋਂ ਰਹਿਤ ਹੋ ਕੇ ਸਦਾ ਹੀ ਜੀਊਂਦੇ ਰਹਿੰਦੇ ਹਨ ।
ਕ੍ਰੋੜਾਂ ਮਨੁੱਖ ਪ੍ਰਭੂ-ਨਾਮ ਦੇ ਗੁਣ ਗਾਂਦੇ ਹਨ, ਉਹ ਆਤਮਕ ਆਨੰਦ ਵਿਚ ਸੁਖ ਵਿਚ ਤੇ ਅਡੋਲ ਅਵਸਥਾ ਵਿਚ ਟਿਕੇ ਰਹਿੰਦੇ ਹਨ ।
ਪ੍ਰਭੂ ਆਪਣੇ ਭਗਤਾਂ ਨੂੰ ਦਮ-ਬ-ਦਮ ਚੇਤੇ ਰੱਖਦਾ ਹੈ, (ਕਿਉਂਕਿ) ਹੇ ਨਾਨਕ! ਉਹ ਭਗਤ ਪ੍ਰਭੂ ਦੇ ਪਿਆਰੇ ਹੁੰਦੇ ਹਨ ।੮।੧੦ ।
Follow us on Twitter Facebook Tumblr Reddit Instagram Youtube