ਕਈ ਕੋਟਿ ਖਾਣੀ ਅਰੁ ਖੰਡ ॥
ਕਈ ਕੋਟਿ ਅਕਾਸ ਬ੍ਰਹਮੰਡ ॥
ਕਈ ਕੋਟਿ ਹੋਏ ਅਵਤਾਰ ॥
ਕਈ ਜੁਗਤਿ ਕੀਨੋ ਬਿਸਥਾਰ ॥
ਕਈ ਬਾਰ ਪਸਰਿਓ ਪਾਸਾਰ ॥
ਸਦਾ ਸਦਾ ਇਕੁ ਏਕੰਕਾਰ ॥
ਕਈ ਕੋਟਿ ਕੀਨੇ ਬਹੁ ਭਾਤਿ ॥
ਪ੍ਰਭ ਤੇ ਹੋਏ ਪ੍ਰਭ ਮਾਹਿ ਸਮਾਤਿ ॥
ਤਾ ਕਾ ਅੰਤੁ ਨ ਜਾਨੈ ਕੋਇ ॥
ਆਪੇ ਆਪਿ ਨਾਨਕ ਪ੍ਰਭੁ ਸੋਇ ॥੭॥

Sahib Singh
ਖਾਣੀ = ਸਾਰੇ ਜਗਤ = ਜੀਵਾਂ ਦੀ ਉਤਪੱਤੀ ਦੇ ਚਾਰ ਵਸੀਲੇ (ਖਾਣਾਂ) ਮੰਨੇ ਗਏ ਹਨ, “ਅੰਡਜ”, ਅੰਡੇ ਤੋਂ ਪੈਦਾ ਹੋਣ ਜੀਵ; “ਜੇਰਜ”, ਜਿਓਰ ਤੋਂ ਪੈਦਾ ਹੋਣ ਵਾਲੇ; “ਸੇਤਜ” ਮੁੜ੍ਹਕੇ ਤੋਂ ਅਤੇ “ਉਤਭੁਜ”, ਪਾਣੀ ਦੀ ਰਾਹੀਂ ਧਰਤੀ ਵਿਚੋਂ ਪੈਦਾ ਹੋਣ ਵਾਲੇ ।
ਅਰੁ = ਅਤੇ ।
ਖੰਡ = ਸਾਰੀ ਧਰਤੀ ਦੇ ਨੌ ਹਿੱਸੇ ਜਾਂ ਨੌ ਖੰਡ ਮੰਨੇ ਗਏ ਹਨ ।
ਕਈ ਜੁਗਤਿ = ਕਈ ਜੁਗਤੀਆਂ ਨਾਲ ।
ਪਸਰਿਓ = ਖਿਲਾਰਿਆ ਹੈ ।
ਪਾਸਾਰ = {ਸ਼ਕਟ. ਪ੍ਰਸਾਰ:} ਖਿਲਾਰਾ ।
ਭਾਤਿ = ਕਿਸਮ ।
ਸਮਾਤਿ = ਲੀਨ ਹੋ ਜਾਂਦੇ ਹਨ ।
ਅਵਤਾਰ = ਪੈਦਾ ਕੀਤੇ ਹੋਏ ਜੀਵ ।੭ ।
    
Sahib Singh
(ਧਰਤੀ ਦੇ ਨੌ) ਖੰਡਾਂ (ਚਹੁੰਆਂ) ਖਾਣੀਆਂ ਦੀ ਰਾਹੀਂ ਕਰੋੜਾਂ ਹੀ ਜੀਵ ਉਤਪੰਨ ਹੋਏ ਹਨ, ਸਾਰੇ ਆਕਾਸ਼ਾਂ ਬ੍ਰਹਮੰਡਾਂ ਵਿਚ ਕਰੋੜਾਂ ਹੀ ਜੀਵ ਹਨ;ਕਰੋੜਾਂ ਹੀ ਪ੍ਰਾਣੀ ਪੈਦਾ ਹੋ ਰਹੇ ਹਨ; ਕਈ ਤਰੀਕਿਆਂ ਨਾਲ ਪ੍ਰਭੂ ਨੇ ਜਗਤ ਦੀ ਰਚਨਾ ਕੀਤੀ ਹੈ; (ਪ੍ਰਭੂ ਨੇ) ਕਈ ਵਾਰੀ ਜਗਤ-ਰਚਨਾ ਕੀਤੀ ਹੈ, (ਮੁੜ ਇਸ ਨੂੰ ਸਮੇਟ ਕੇ) ਸਦਾ-ਇਕ ਆਪ ਹੀ ਹੋ ਜਾਂਦਾ ਹੈ; ਪ੍ਰਭੂ ਨੇ ਕਈ ਕਿਸਮਾਂ ਦੇ ਕਰੋੜਾਂ ਹੀ ਜੀਵ ਪੈਦਾ ਕੀਤੇ ਹੋਏ ਹਨ, ਜੋ ਪ੍ਰਭੂ ਤੋਂ ਪੈਦਾ ਹੋ ਕੇ ਫਿਰ ਪ੍ਰਭੂ ਵਿਚ ਲੀਨ ਹੋ ਜਾਂਦੇ ਹਨ ।
ਉਸ ਪ੍ਰਭੂ ਦਾ ਅੰਤ ਕੋਈ ਬੰਦਾ ਨਹੀਂ ਜਾਣਦਾ; (ਕਿਉਂਕਿ) ਹੇ ਨਾਨਕ! ਉਹ ਪ੍ਰਭੂ (ਆਪਣੇ ਵਰਗਾ) ਆਪ ਹੀ ਆਪ ਹੈ ।੭ ।
Follow us on Twitter Facebook Tumblr Reddit Instagram Youtube